ਕੇਸਰ ਸਿੰਘ ਰਾਮਪੁਰੀ ਨਾਲ ਬਲਰਾਜ ਸਿੰਘ ਸਿੱਧੂ, ਯੂ. ਕੇ. ਦੁਆਰਾ ਕਰੀ ਗਈ ਇੱਕ ਮੁਲਾਕਾਤ
ਕ- ਹਾਂ ਜੀ, ( ਜੇਬ ਵਿੱਚੋਂ ਪਾਰਕਰ ਦਾ ਕਾਲੇ ਸਿੱਕੇ ਵਾਲਾ ਪੈੱਨ ਕੱਢ ਕੇ ਦਿਖਾਉਂਦੇ ਹੋਏ ) ਆਹ ਦੇਖੋ। ਜਿਵੇਂ ਅੰਮ੍ਰਿਤਧਾਰੀ ਸਿੰਘ ਦੇ ਗਾਤਰੇ ’ਚ ਕਿਰਪਾਨ ਹਰ ਵੇਲੇ ਰਹਿੰਦੀ ਹੈ, ਉਵੇਂ ਮੈਂ ਵੀ ਪੈੱਨ ’ਤੇ ਪੇਪਰ ਹਰ ਵੇਲੇ ਜੇਬ ਵਿੱਚ ਰੱਖਦਾ ਹਾਂ।
ਬ- ਤੁਸੀਂ ਇਕੱਲੇ ਹੀ ਨਹੀਂ ਸਾਰੇ ਲਿਖਾਰੀ ਇਸੇ ਤਰ੍ਹਾਂ ਕਰਦੇ ਹਨ। -ਇੰਝ ਕਰੋ, ਪੂਰੀ ਗੱਲਬਾਤ ਕਰਦੇ ਵਕਤ ਤੁਸੀਂ ਇਹ ਪੈੱਨ ਆਪਣੇ ਹੱਥ ’ਚ ਫੜ੍ਹੀ ਰੱਖਣਾ ਹੈ ਤੇ ਤੁਹਾਨੂੰ ਕਸਮ ਹੈ ਇਸੇ ਕਲਮ ਦੀ ਜੇ ਮੁਲਾਕਾਤ ਦੌਰਾਨ ਝੂਠ ਬੋਲੋਂ ਜਾਂ ਕੋਈ ਗੱਲ ਵਧਾਅ-ਚੜ੍ਹਾਅ ਕੇ ਕਰੋਂ।
ਕ- ਆਹ ਤਾਂ ਯਾਰ ਤੈਂ ਕਸੂਤੇ ਫਸਾ ਲਿਆ ਹੈ।
ਬ- ਤੁਹਾਡੇ ਹਿਰਦੇ ਅੰਦਰ ਅਦਬੀ-ਪਿਆਰ ਕਿਵੇਂ ਜਨਮਿਆ?
ਕ- ਮੇਰਾ ਇੱਕ ਦੋਸਤ ਹੁੰਦਾ ਸੀ। ਮੈਂ ਜਦੋਂ ਉਹਨਾਂ ਦੇ ਘਰੇ ਜਾਣਾ ਤਾਂ ਉਹਦੇ ਬਾਪ ਨੇ ਇੱਕ ਮੋਟੀ ਸਾਰੀ ਕਿਤਾਬ ਪੜ੍ਹਦੇ ਹੋਣਾ। ਮੈਂ ਇੱਕ ਦਿਨ ਆਪਣੇ ਦੋਸਤ ਨੂੰ ਪੁੱਛਿਆ ਕਿ ਉਹ ਕਾਹਦੀ ਕਿਤਾਬ ਹੈ? ਪਤਾ ਉਸਨੂੰ ਵੀ ਨਹੀਂ ਸੀ। ਉਹਨੇ ਮੈਨੂੰ ਉਹ ਸੂਰਜ ਪ੍ਰਕਾਸ਼ ਗ੍ਰੰਥ ਲਿਆ ਦਿੱਤਾ। ਮੈਂ ਉਹਨੂੰ ਪੜ੍ਹਿਆ ਤਾਂ ਮੈਨੂੰ ਬੜਾ ਅਨੰਦ ਆਇਆ। ਫਿਰ ਮੈਂ ਜ਼ਿੰਦਗੀ ਵਿਲਾਸ ਅਤੇ ਵਾਰਿਸ ਦੀ ਹੀਰ ਪੜ੍ਹੀ। ਇੰਝ ਪੜ੍ਹਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਫੇਰ ਬਚਪਨ ਵਿੱਚ ਹੀ ਸਾਡੇ ਘਰ ਸੰਤ ਸਿਪਾਹੀ ਰਸਾਲਾ ਆਉਂਦਾ ਹੁੰਦਾ ਸੀ ਉਸ ਤੋਂ ਪ੍ਰੇਰਤ
ਹੋ ਕੇ ਕਵਿਤਾਵਾਂ ਲਿਖਣੀਆਂ ਤੇ ਗੁਰਦੁਆਰਿਆਂ ਵਿੱਚ ਪੜ੍ਹਨੀਆਂ । ਇਉਂ ਲਿਖਣ ਵੀ ਲੱਗ ਗਏ। ਫਿਰ ਜਲੰਧਰੋਂ ਇੱਕ ਪਰਚਾ ਨਿਕਲਦਾ ਹੁੰਦਾ ਸੀ ਤਰਾਨਾ ਉਸ ਵਿੱਚ ਮੇਰੀ ਸਭ ਤੋਂ ਪਹਿਲੀ ਕਵਿਤਾ ਛਪੀ ਸੀ। ਫਿਰ ਚੱਲ-ਸੋ-ਚੱਲ, ਅੱਜ ਤੱਕ ਛਪਣ-ਛਪਾਈ ਜਾਰੀ ਹੈ।
ਹੋ ਕੇ ਕਵਿਤਾਵਾਂ ਲਿਖਣੀਆਂ ਤੇ ਗੁਰਦੁਆਰਿਆਂ ਵਿੱਚ ਪੜ੍ਹਨੀਆਂ । ਇਉਂ ਲਿਖਣ ਵੀ ਲੱਗ ਗਏ। ਫਿਰ ਜਲੰਧਰੋਂ ਇੱਕ ਪਰਚਾ ਨਿਕਲਦਾ ਹੁੰਦਾ ਸੀ ਤਰਾਨਾ ਉਸ ਵਿੱਚ ਮੇਰੀ ਸਭ ਤੋਂ ਪਹਿਲੀ ਕਵਿਤਾ ਛਪੀ ਸੀ। ਫਿਰ ਚੱਲ-ਸੋ-ਚੱਲ, ਅੱਜ ਤੱਕ ਛਪਣ-ਛਪਾਈ ਜਾਰੀ ਹੈ।
ਬ-ਮੁਹੱਬਤ?
ਕ- ਨਾ! ਨਾਂਹ!! ਇਹੋ ਜਿਹੇ ਕੰਮ ਨ੍ਹੀਂ ਮੈਂ ਕਦੇ ਕੀਤੇ। ਮੈਂ ਬਹੁਤ ਸਾਊ ਹੁੰਦਾ ਸੀ।
ਬ- ਤੇ ਹੁਣ?
ਕ- ਹੁਣ ਵੀ ਹਾਂ। ਸ਼ੁਰੂ ਤੋਂ ਹੀ ਮੇਰਾ ਸੁਭਾਅ ਇਸੇ ਤਰ੍ਹਾਂ ਦਾ ਧਾਰਮਿਕ ਬਿਰਤੀ ਵਾਲਾ ਰਿਹਾ ਹੈ। ਮੈਂ ਬਹੁਤ ਸ਼ਰੀਫ ਬੰਦਾ ਹਾਂ।
ਬ- ਮੈਂ ਕਦੋਂ ਕਹਿੰਦਾ ਹਾਂ ਕਿ ਤੁਸੀਂ ਲੁੱਚੇ ਹੋ? ਮੈਂ ਤਾਂ ਸਿਰਫ ਐਨਾ ਹੀ ਪੁੱਛਿਆ ਹੈ ਕਿ ਕੀ ਤੁਸੀਂ ਕਦੇ ਕਿਸੇ ਨੂੰ ਇਸ਼ਕ ਕੀਤਾ ਹੈ?
ਕ- ਇਸ਼ਕ? ਇਸ਼ਕ ਮੈਂ ਕਦੇ ਨਹੀਂ ( ਨਹੀਂ ਕਹਿਣ ਤੋਂ ਪਹਿਲਾਂ ਹੀ ਰਾਮਪੁਰੀ ਜੀ ਦੇ ਹੱਥੋਂ ਬੁੜਕ ਕੇ ਪੈੱਨ ਭੁੰਜੇ ਡਿੱਗ ਪੈਂਦਾ ਹੈ। ਉਹ ਪਸ਼ੇਮਾਨ ਹੋ ਕੇ ਚੁੱਕਦੇ ਹਨ ਤੇ ਮੇਰੇ ਵੱਲ ਤੱਕ ਕੇ ਮੁਸ਼ਕੜੀਏਂ ਹੱਸਦੇ ਹਨ। )
ਬ- ਦੇਖ ਲਉ ਰਾਮਪੁਰੀ ਜੀ ਇਉਂ ਝੂਠ ਫੜ੍ਹਿਆ ਜਾਂਦੈ।
ਕ- ਚੱਲ ਤੈਨੂੰ ਮੈਂ ਦੱਸ ਹੀ ਦਿੰਦਾਂ। ਮੇਰੀ ਚਿੱਟੀ ਦਾੜੀ ਤੇ ਬਿਰਧ ਉਮਰ ਦਾ ਖਿਆਲ ਰੱਖੀਂ, ਇੰਟਰਵਿਊ ਵਿੱਚ ਲਿਖੀ ਕੁੱਝ ਨਾ। ਪੜ੍ਹਨ ਵਾਲੇ ਅਗਲੇ ਕਹਿਣਗੇ ਬੁੜ੍ਹਾ ਕਿਹੋ ਜਿਹੀਆਂ ਗੱਲਾਂ ਕਰਦੈ। ਤੂੰ ਇਉਂ ਕਰ ਟੇਪ ਬੰਦ ਕਰ ਲੈ।
ਬ- ਟੇਪ ਤਾਂ ਬੰਦ ਕਰ ਲਊਂ। ਸੁਣਨ ਲਈ ਮੇਰੇ ਕੰਨ ਤੇ ਲਿੱਖਣ ਲਈ ਹੱਥ ਤਾਂ ਖੁੱਲ੍ਹੇ ਨੇ! ( ਮੈਂ ਟੇਪਰਿਕਾਰਡਰ ਬੰਦ ਕਰਨ ਦਾ ਦਾ ਢੌਂਗ ਕਰਦਾ ਹਾਂ। ਪਰ ਬੰਦ ਨਹੀਂ ਕਰਦਾ। ਐਵੇਂ ਬਟਨ ਨੱਪ ਕੇ ਦੁਬਾਰਾ ਛੱਡ ਦਿੰਦਾ ਹਾਂ )
ਕ- ਹਾਂ ਬਈ ਬਲਰਾਜ ਮੈਂ ਵੀ ਕਦੇ ਕਿਸੇ ਨੂੰ ਇਸ਼ਕ ਕੀਤਾ ਸੀ। ਸਾਡੇ ਪਿੰਡ ਮਹੈੜੂ, ਉਂਝ ਅਸਲ ਪਿੰਡ ਸਾਡਾ ਲੱਲ੍ਹੀਆਂ ਸੀ। ਸਾਡੇ ਪਿੰਡ ਸਾਡੇ ਘਰ ਕੋਲ ਹੀ ਖੂਹ ਸੀ। ਉਹ ਮੇਰੀ ਦਿਲਰੂਬਾ ਉਥੋਂ ਰੋਜ਼ ਪਾਣੀ ਭਰਨ ਆਉਂਦੀ ਹੁੰਦੀ ਸੀ। ਮੈਂ ਨਿੱਤ ਉਹਨੂੰ ਘੜਾ ਚੁਕਾਉਣਾ। ਤੇ ਇੱਕ ਦਿਨ।
ਬ- ਉਹਨੇ ਘੜਾ ਤੁਹਾਨੂੰ ਚੁੱਕਾ ਦਿੱਤਾ?
ਕ- ਕਾਹਨੂੰ।
ਬ- ਤਾਂ ਫੇਰ ਘੜਾ ਟੁੱਟ ਗਿਆ ਹੋਣਾ?
ਕ- ਨਹੀਂ-ਨਹੀਂ।
ਬ- ਉਹਨੇ ਤੁਹਾਨੂੰ ਬੁਲਾਇਆ ਹੀ ਨਹੀਂ ਹੋਣਾ ਤੇ ਆਪ ਹੀ ਇਕੱਲੀ ਨੇ ਮੌਣ ’ਤੇ ਧਰ ਕੇ ਚੁੱਕ ਲਿਆ ਹੋਣਾ?
ਕ- ਨਹੀਂ ਯਾਰ ਤੂੰ ਸੁਣਦਾ ਤਾਂ ਹੈਨ੍ਹੀਂ ਆਪਦੇ ਈ ਘੋੜੇ ਭਜਾਈ ਜਾਂਦੈਂ। ਤੈਨੂੰ ਜ਼ਿਆਦੇ ਪਤਾ ਹੈ ਤਾਂ ਚੰਗਾ ਫੇਰ ਤੂੰ ਹੀ ਦੱਸ ਲੈ?
ਬ- ਖਫ਼ਾ ਨਾ ਹੋਵੋ ਬਾਬਿਉ! ਤੁਹਾਡੇ ਇਸ਼ਕ ਦਾ ਕਿੱਸਾ ਹੈ ਤੇ ਮੈਂ ਤੁਹਾਡੇ ਮੂੰਹੋਂ ਹੀ ਉਗਲਵਾਉਣੈ।
ਕ- ਤੇ ਇੱਕ ਦਿਨ ਘੜਾ ਚੁਕਾਉਣ ਲੱਗੇ ਦਾ ਮੇਰਾ ਹੱਥ ਉਹਦੇ ਹੱਥ ਨਾਲ ਖਹਿ ਗਿਆ। ਅਸਲ ਵਿੱਚ ਮੈਂ ਜਾਣ ਕੇ ਉਹਦੇ ਹੱਥ ਨੂੰ ਛੇੜਿਆ ਸੀ। ਮੇਰੇ ਸਾਰੇ ਸ਼ਰੀਰ ਵਿੱਚ ਇੱਕ ਮਿੱਠੀ ਜਿਹੀ ਝਰਨਾਹਟ ਛਿੱੜ ਗਈ ਸੀ। ਬਸ ਇਸ ਤੋਂ ਵੱਧ ਕੁੱਝ ਵੀ ਨਹੀਂ ਸੀ। ਖੌਰੇ ਉਹਨੂੰ ਮੇਰੀ ਮੁਹੱਬਤ ਬਾਰੇ ਇਲਮ ਹੋਇਆ ਸੀ ਜਾਂ ਨਹੀਂ। ਮੈਂ ਇਸ ਪ੍ਰਸ਼ਨ ਦੇ ਉਂੱਤਰ ਨੂੰ ਅੱਜ ਤੱਕ ਨਹੀਂ ਖੋਜ ਸਕਿਆ। ਉਸ ਤੋਂ ਪਿਛੋਂ ਦੋ ਚਾਰ ਫਲੱਰਟ ਜਿਹੇ ਤਾਂ ਕੀਤੇ ਨੇ ਪਰ ਇਸ਼ਕ ਨਹੀਂ। ਅੱਜ ਵੀ ਉਸ ਮਹਿਬੂਬ ਬਾਰੇ ਸੋਚ ਕੇ ਮੈਂ ਸੁਆਦ-ਸੁਆਦ ਹੋ ਜਾਂਦਾ ਹਾਂ। ਰੱਬ ਜਾਣੇ ਅੱਜ ਉਹ ਕਿੱਥੇ ਅਤੇ ਕਿਸ ਹਾਲ ਵਿੱਚ ਹੋਵੇਗੀ। ਜੇਕਰ ਉਹ ਮੇਰੀ ਜ਼ਿੰਦਗੀ ਵਿੱਚ ਨਾ ਆਉਂਦੀ ਤਾਂ ਮੈਂ ਸਾਹਿਤਕਾਰ ਕਦੇ ਨਾ ਬਣਦਾ। ਉਸੇ ਦਿਨ ਹੀ ਮੈਂ ਆਪਣੀ ਸਭ ਤੋਂ ਪਹਿਲੀ ਨਜ਼ਮ ਉਹਦੇ ਪਿਆਰ ਵਿੱਚ ਗੜੂੰਦ ਹੋ ਕੇ ਲਿੱਖੀ ਸੀ। ਇਜ਼ਾਜਤ ਹੋਵੇ ਤਾਂ ਸੁਣਾਵਾਂ?
ਬ- ਨੇਕੀ ਔਰ ਪੂਛ-ਪੂਛ। ਇਰਸ਼ਾਦ ਮਹਾਰਾਜ -ਇਰਸ਼ਾਦ?
ਕ- ਇੱਕ ਸਲੇਟੀ ਹੀਰ ਦੇ ਵਾਂਗੂੰ ਮੈਨੂੰ ਹੈ ਸੀ ਜੱਚਦੀ
ਮੇਰੇ ਦਿਲ ਦੀ ਸ਼ਕਤੀ ਸਾਰੀ ਭਾਲ ਉਸਦੀ ਰੱਖਦੀ
ਅਚਨਚੇਤ ਉਸ ਮੈਨੂੰ ਤੱਕਿਆ ਤੱਕ ਕੇ ਕੁੱਝ ਸ਼ਰਮਾਈ
ਮਿੰਨਾ-ਮਿੰਨਾ ਹੱਸ ਕੇ ਮੇਰੇ ਅੱਗ ਕਾਲਜੇ ਲਾਈ
ਇੱਕ ਦਿਨ ਸਾਡੇ ਖੂਹ ਦੇ ਉਂੱਤੇ ਪਾਣੀ ਭਰਨ ਉਹ ਆਈ
ਨੈਣਾਂ ਸਾਡੇ ਇੱਕ ਦੂਜੇ ਨਾਲ ਕੀਤੀ ਕੁੱਝ ਲੜਾਈ
ਸੈਨਤ ਕਰਕੇ ਮੇਰੇ ਵੱਲ ਨੂੰ ਆਖਿਆ ਘੜਾ ਚਕਾਈਂ
ਅੱਖਾਂ ਨਾਲ ਸਮਝਾਇਆ ਮੈਨੂੰ ਖੈਰ ਵਸਲ ਦੀ ਪਾਈਂ
ਇਹ ਗੱਲ ਸੁਣ ਕੇ ਦਿਲ ਮੇਰੇ ਵਿੱਚ ਕੁਤਕੁਤਾੜੀ ਹੋਈ
ਘੜਾ ਚੁਕਾ ਕੇ ਅਚਨਚੇਤੀ ਜਾਗ ਉਂੱਠੀ ਕਣਸੋਈ
ਫੇਰ ਮੈਂ ਉਹਦੀ ਪ੍ਰੀਤ ਦਾ ਸਾਇਆ ਖੁਸ਼ੀਆਂ ਵਿੱਚ ਹੰਢਾਇਆ
ਪਾ ਕੇ ਨਾਲ ਮੁਹੱਬਤ ਉਸਦੇ ਭੇਤ ਜੀਣ ਦਾ ਆਇਆ
ਹੁਣ ਤੇ ਮਿਲਿਆਂ ਉਸ ਸਜਨੀ ਨੂੰ ਢੇਰ ਜਿੰਨਾ ਚਿਰ ਹੋਇਆ
ਉਹਨੇ ਮੇਰੇ ਦਿਲ ਦੇ ਖੇਤੀਂ ਪ੍ਰੀਤਾਂ ਦਾ ਬੀਅ ਬੋਇਆ।
ਬ- ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਹੈ ਪਿੰਡ ਤਾਂ ਤੁਹਾਡਾ ਲੱਲ੍ਹੀਆਂ ਹੈ ਤੇ ਨਾਮ ਨਾਲ ਲਿਖਦੇ ਤੁਸੀਂ ਰਾਮਪੁਰੀ ਹੋ। ਫੇਰ ਰਾਮਪੁਰ ਨਾਲ ਤੁਹਾਡਾ ਕੀ ਸੰਬੰਧ ਹੈ?
ਕ- ਮੈਨੂੰ ਅਕਸਰ ਲੋਕੀ ਇਹੀ ਸਵਾਲ ਕਰਦੇ ਹੁੰਦੇ ਹਨ। ਮੇਰਾ ਪਿੰਡ ਲੱਲ੍ਹੀਆਂ ਹੀ ਹੈ। ਦਰਅਸਲ ਜਦੋਂ ਮੈਂ ਸਾਹਿਤ ਦੇ ਖੇਤਰ ਵਿੱਚ ਪ੍ਰਵੇਸ਼ ਅਜੇ ਕੀਤਾ ਹੀ ਸੀ ਤਾਂ ਉਹਨਾਂ ਦਿਨਾਂ ਵਿੱਚ ਪ੍ਰੀਤਲੜੀ ਆਪਣੇ ਪੂਰੇ ਜੋਬਨ ’ਤੇ ਸੀ। ਮੈਂ ਪ੍ਰੀਤਲੜੀ ਬਹੁਤ ਪੜ੍ਹਨੀ ਤੇ ਉਸ ਵਿੱਚ ਦਰਾਹੇ ਕੋਲ ਜਿਹੜਾ ਰਾਮਪੁਰ ਹੈ, ਉਥੋਂ ਦੇ ਸੁਰਜੀਤ ਰਾਮਪੁਰੀ ਦੀਆਂ ਗ਼ਜ਼ਲਾਂ ਛਪਦੀਆਂ ਹੁੰਦੀਆਂ ਸਨ। ਉਹਨਾਂ ਗ਼ਜ਼ਲਾਂ ਉਂੱਤੇ ਮੈਂ ਆਸ਼ਕ ਹੋ ਗਿਆ ਸੀ। ਮੈਂ ਵੀ ਚਾਹੁੰਦਾ ਹੁੰਦਾ ਸੀ ਕਿ ਮੇਰੀ ਲਿਖਤ ਵੀ ਉਨੀ ਵਧੀਆ ਹੋਵੇ। ਉਸਦੀ ਰੀਸ ਨਾਲ ਮੈਂ ਵੀ ਆਪਣੇ ਨਾਮ ਨਾਲ ਰਾਮਪੁਰੀ ਲਿਖਣ ਲੱਗ ਗਿਆ। ਮੇਰੀਆਂ ਮੁੱਢਲੀਆਂ ਰਚਨਾਵਾਂ ਨਾਲ ਰਾਮਪੁਰੀ ਹੋਣ ਕਰਕੇ ਮੈਨੂੰ ਬਾਅਦ ਵਿੱਚ ਵੀ ਇਹੀ ਲਿਖਣਾ ਪਿਆ ਤੇ ਇਉੁਂ ਮੇਰੇ ਨਾਮ ਨਾਲ ਰਾਮਪੁਰੀ ਹੁਣ ਪੱਕਾ ਹੀ ਜੁੜ ਗਿਆ ਹੈ।
ਬ- ਬੰਦਿਆਂ ਕੋਲੋਂ ਰੁੱਖੜੇ ਚੰਗੇ, ਜਿਹੜੇ ਠੰਡੀਆਂ ਛਾਵਾਂ ਕਰਦੇ। ਗਰਮੀ ਸਰਦੀ ਤਨ ’ਤੇ ਝੱਲਦੇ, ਅੰਤ ਬਾਲਣ ਦੇ ਥਾਂ ਬੱਲਦੇ। ਅਤੇ ਇੱਕ ਦਿਨ ਮਿੱਟੀ ਹੋ ਜਾਣੀ ਹੈ, ਦੇਹੀ ਮਲ ਮਲ ਧੋਤੀ। ਫੁੱਲਾਂ ਸੰਗ ਲਪੇਟੀ ਜਿਹੜੀ, ਕੱਲ੍ਹ ਸੂਲਾਂ ਸੰਗ ਪਰੋਤੀ। ਇਤਿਆਦਿ ਤੁਹਾਡੀਆਂ ਕਾਵਿਕ ਰਚਨਾਵਾਂ ਵਿੱਚ ਸ਼ਿਵ ਕੁਮਾਰ ਬਟਾਲਵੀ ਵਾਂਗ ਪ੍ਰਕ੍ਰਿਤੀ ਅਤੇ ਬਨਸਪਤੀ ਦਾ ਤਸਬੀਹਾਂ ਦੇ ਰੂਪ ਵਿੱਚ ਬਹੁਤ ਥਾਈਂ ਵਰਣਨ ਆਇਆ ਹੈ। ਇਸ ਦਾ ਕੋਈ ਵਿਸ਼ੇਸ਼ ਕਾਰਨ?
ਕ- ਦਰਅਸਲ ਗੱਲ ਇਹ ਹੈ ਕਿ ਸਾਡੇ ਇੱਥੇ ਡਰਬੀ ਦੇ ਨੇੜੇ ਹੀ ਇੱਕ ਬਹੁਤ ਉਂੱਚੀ ਅਤੇ ਖੂਬਸੂਰਤ ਪਹਾੜੀ ਹੈ। ਮੇਰੇ ਘਰ ਤੋਂ ਕਰੀਬ ਬੀਹ ਮੀਲ ਦੂਰ ਹੈ। ਕਈ ਸਾਲਾਂ ਤੋਂ ਅਕਸਰ ਮੈਂ ਵੇਹਲੇ ਵੇਲੇ ਉਸ ਪਹਾੜੀ ਦੀ ਟੀਸੀ ’ਤੇ ਜਾ ਕੇ ਬੈਠ ਜਾਂਦਾ ਹਾਂ। ਉਸ ਬੁਲੰਦੀ ਉਂੱਤੇ ਬੈਠਿਆਂ ਆਸੇ-ਪਾਸੇ ਦਾ ਨਜ਼ਾਰਾ ਬੜਾ ਮਨਮੋਹਕ ਲੱਗਦਾ ਹੈ। ਮੈਂ ਆਪਣੀਆਂ ਜ਼ਿਆਦਾਤਰ ਕਵਿਤਾਵਾਂ ਅਤੇ ਨਜ਼ਮਾਂ ਉਸੇ ਰਮਣੀਕ ਪਹਾੜੀ ਉਂੱਤੇ ਬੈਠ ਕੇ ਹੀ ਲਿਖੀਆਂ ਹਨ। ਲਿਹਾਜ਼ਾ ਉਸ ਪਹਾੜੀ ਤੋਂ ਦਿਸਦੇ ਦ੍ਰਿਸ਼ਾਂ ਨੇ ਮੇਰੀ ਰਚਨਾ ਵਿੱਚ ਗੇਟਕਰੈਸ਼ (ਘੁੱਸਪੈਠ) ਕਰਨੋਂ ਨਹੀਂ ਸੀ ਟਲਣਾ। ਸ਼ਾਇਰ ਇੱਕ ਅਤਿ-ਸੰਵੇਦਨਾਸ਼ੀਲ ਅਤੇ ਨਾਜ਼ੁਕ ਹਿਰਦੇ ਦਾ ਮਾਲਕ ਹੁੰਦਾ ਹੈ। ਇਸ ਲਈ ਮੈਂ ਕੁਦਰਤ ਦੀ ਸਿਫਤ-ਸਲਾਅ ਨੂੰ ਆਪਣੀ ਸ਼ਾਇਰੀ ਵਿੱਚ ਆਉਣ ਤੋਂ ਰੋਕਣ ਦੀ ਹਿਮਾਕਤ ਨਹੀਂ ਕਰ ਸਕਿਆ। ਇਸੇ ਕਰਕੇ ਤੁਹਾਨੂੰ ਮੇਰੀਆਂ ਰਚਨਾਵਾਂ ਵਿੱਚ ਪ੍ਰਕ੍ਰਿਤੀ ਦਾ ਪੈਰ-ਪੈਰ ਤੇ ਜ਼ਿਕਰ ਪੜ੍ਹਨ ਨੂੰ ਮਿਲਦਾ ਹੈ।
ਬ- ਤੁਹਾਡੀਆਂ ਨਜ਼ਮਾਂ ਵਿੱਚ ਇੱਕ ਵਿਚਾਰ ਤੁਸੀਂ ਬਹੁਤ ਹਾਈਲਾਈਟ ਕਰਦੇ ਹੋ। ਜਿਸ ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਭਾਰਤ ਤੋਂ ਇਥੇ ਇੰਗਲੈਂਡ ਆ ਕੇ ਵਸਣ ਨੂੰ ਘਟੀਆ ਖਿਆਲ ਕਰਦੇ ਹੋ ਤੇ ਭੂ-ਹੇਰਵੇਂ ਦੇ ਸ਼ਿਕਾਰ ਹੋ। ਮਿਸਾਲ ਦੇ ਤੌਰ ’ਤੇ ਤੁਸੀਂ ਲਿਖਿਆ ਹੈ, ਕੱਕੇ ਰੇਤੇ ਠੰਡੀਆਂ ਛਾਵਾਂ, ਸਾਨੂੰ ਰਾਸ ਨਾ ਆਈਆਂ। ਸਾਨੂੰ ਤਾਂ ਕੋਹ ਕੋਹ ਸੀ ਖਾਣਾਂ ਬਰਫ਼ ਦਿਆਂ ਦਰਿਆਵਾਂ। ਜਾਂ ਸਾਵੇ ਸਾਗਰਾਂ ਤੋਂ ਪਾਰ ਪੁਸਤਕ ਵਿੱਚ, ਅਸੀਂ ਬਣ ਗਏ ਹਾਂ ਲੋਭੀ, ਜੂਨ ਪਸ਼ੂਆਂ ਦੀ ਭੋਗੀ। ਅਸੀਂ ਪੈਰਾਂ ਥੱਲੇ ਰੁਲ ਗਏ ਕੱਖ ਬਣ ਕੇ।
ਕ- ਨਹੀਂ ਮੈਂ ਭੂਮੀ-ਹੇਰਵੇਂ ਦਾ ਸ਼ਿਕਾਰ ਤਾਂ ਨਹੀਂ ਹਾਂ। ਉਂਝ ਬੰਦਾ ਆਪਣੀ ਜੰਮਣ-ਭੋਂ ਅਤੇ ਵਤਨ ਦੀ ਮਿੱਟੀ ਦਾ ਮੋਹ ਤਾਂ ਕਦੇ ਵੀ ਨਹੀਂ ਤਿਆਗ ਸਕਦਾ। ਪਰ ਫੇਰ ਵੀ ਮੈਂ ਭਲੀਭਾਂਤ ਇਸ ਤਰਕ ਨੂੰ ਸਵੀਕਾਰ ਲਿਆ ਹੈ ਕਿ ਹੁਣ ਤਾਂ ਇਹੀ ਸਾਡਾ ਦੇਸ਼ ਹੈ। ਮੇਰੇ ਬੱਚੇ ਤੇ ਅੱਗੋਂ ਉਹਨਾਂ ਦੇ ਬੱਚਿਆਂ ਨੇ ਵੀ ਇਥੇ ਹੀ ਰਹਿਣਾ ਹੈ। ਮੈਂ ਜਦੋਂ ਇਧਰ ਆਇਆ ਸੀ ਤਾਂ ਮੇਰੇ ਜ਼ਿਹਨ ਵਿੱਚ ਇਹ ਵਿਚਾਰ ਸੀ ਕਿ ਮੈਂ ਕੁੱਝ ਦੇਰ ਪੈਸੇ ਕਮਾਅ ਕੇ ਵਾਪਸ ਚਲਿਆ ਜਾਵਾਂਗਾ। ਮੇਰਾ ਮਕਸਦ ਇਥੇ ਸਥਾਪਿਤ ਹੋਣ ਦਾ ਨਹੀਂ ਸੀ। ਪਰ ਇਥੇ ਆ ਕੇ ਮੇਰੇ ਲਈ ਰੋਜ਼ ਪ੍ਰਸਥਿਤੀਆਂ ਬਦਲਦੀਆਂ ਗਈਆਂ, ਜਿਨ੍ਹਾਂ ਅਨੁਸਾਰ ਮੈਂ ਆਪਣੇ ਆਪ ਨੂੰ ਢਾਲਦਾ ਹੋਇਆ ਆਪਣੀ ਜੀਵਨਜਾਚ ਬਦਲਦਾ ਗਿਆ ਤੇ ਇਥੇ ਦਾ ਹੋ ਕੇ ਰਹਿ ਗਿਆ। ਲੇਕਿਨ ਉਹ ਸੰਕਲਪ ਜਿਸ ਨੂੰ ਲੈ ਕੇ ਮੈਂ ਘਰੋਂ ਤੁਰਿਆ ਸੀ ਅਸਫਲ ਹੋ ਜਾਣ ਕਾਰਨ ਅੱਜ ਵੀ ਮੇਰੇ ਅਚੇਤ ਵਿੱਚ ਕਿਧਰੇ ਟਿਕਿਆ ਪਿਆ ਹੈ, ਜੋ ਵਾਰ-ਵਾਰ ਮੇਰੀਆਂ ਰਚਨਾਵਾਂ ਰਾਹੀਂ ਉਜਾਗਰ ਹੁੰਦਾ ਰਹਿੰਦਾ ਹੈ। ਉਸ ਨੂੰ ਮੈਂ ਆਪਣੀ ਮਾਨਸਿਕਤਾ ਨਾਲੋਂ ਕੱਟ ਕੇ ਸਿੱਟ ਨਹੀਂ ਸਕਿਆ। ਬ- ਤੁਹਾਡੀ ਕਾਵਿ ਪੁਸਤਕ ਕੇਸਰ ਦੀ ਖੁਸ਼ਬੋ ਵਿੱਚੋਂ ਪ੍ਰੋ: ਮੋਹਨ ਸਿਘ ਅਤੇ ਬਾਵਾ ਬਲੰਵਤ ਦੀ ਸ਼ਾਇਰੀ ਦਾ ਪ੍ਰਭਾਵ ਨਜ਼ਰ ਆਉਣ ਦਾ ਝਾਉਲਾ ਪੈਂਦਾ ਹੈ। ਬਹੁਤ ਸਾਰੇ ਬਿੰਬ ਅਤੇ ਅਲੰਕਾਰ ਤੁਸੀਂ ਇਨ੍ਹਾਂ ਕਥਿਤ ਸ਼ਾਇਰਾਂ ਵਾਲੇ ਵਰਤੇ ਹਨ। ਕੀ ਵਾਕਈ ਤੁਸੀਂ ਇਹਨਾਂ ਸ਼ਾਇਰਾਂ ਤੋਂ ਮੁਤਾਸਰ ਹੋ ਜਾਂ ਇਹ ਮਹਿਜ਼ ਮੇਰਾ ਭੁਲੇਖਾ ਹੈ?
ਕ- ਪ੍ਰੋ: ਮੋਹਨ ਸਿੰਘ ਦੀ ਸਾਵੇ ਪੱਤਰ ਅਤੇ ਹੋਰ ਪੋਇਟਰੀ ਵੀ ਮੈਂ ਪੜ੍ਹੀ ਹੈ। ਪਰ ਉਹ ਮੈਨੂੰ ਬਹੁਤਾ ਪ੍ਰਭਾਵਿਤ ਨਹੀਂ ਸੀ ਕਰ ਸਕਿਆ। ਉਸਨੂੰ ਮੈਂ ਸਿਰਫ ਇਸ ਲਈ ਪੜ੍ਹਦਾ ਸੀ ਕਿ ਉਸਦਾ ਨਾਮ ਕਾਫੀ ਪ੍ਰਸਿੱਧੀ ਖੱਟ ਚੁੱਕਿਆ ਸੀ। ਮੇਰੇ ਕਹਿਣ ਦਾ ਅਰਥ ਇਹ ਨਹੀਂ ਕਿ ਉਹ ਮਾੜਾ ਲਿਖਦਾ ਸੀ। ਹਰ ਇੰਨਸਾਨ ਦੀ ਆਪਣੀ-ਆਪਣੀ ਪਸੰਦ ਹੁੰਦੀ ਹੈ। ਹੁਣ ਸੁਰਜੀਤ ਪਾਤਰ ਮੈਨੂੰ ਬਹੁਤ ਪਸੰਦ ਹੈ। ਹਾਂ, ਬਾਵਾ ਬਲਵੰਤ ਦੀ ਸ਼ਾਇਰੀ ਦਾ ਮੈਂ ਬਹੁਤ ਸ਼ੁਦਾਈ ਸੀ ਤੇ ਹੁਣ ਵੀ ਹਾਂ। ਉਸਦੀ ਕਿਤਾਬ ਬੰਦਰਗਾਹ ਮੈਂ ਬਹੁਤ ਵਾਰ ਪੜ੍ਹੀ ਹੈ। ਰਾਤ ਹੀ ਉਸਦੀ ਹੋਰ ਪੁਸਤਕ ਸੁਗੰਧ ਸਮੀਰ ਪੜ੍ਹ ਰਿਹਾ ਸੀ। ਬਾਵਾ ਬਲਵੰਤ ਦਾ ਇੱਕ ਸ਼ੇਅਰ ਹੈ ਜੋ ਹਮੇਸ਼ਾਂ ਹੀ ਮੇਰਾ ਪ੍ਰੇਰਣਾ ਸ੍ਰੋਤ ਬਣਿਆ ਹੈ, ਉਹ ਇੰਝ ਹੈ, ਤੇਰਾ ਉਹ ਲਕਸ਼ ਮੋਤੀ ਹੈ, ਸਾਗਰ ’ਚ ਉਤਰਨ ਤੱਕ। ਕਿਨਾਰੇ ਪਾਰ ਦੀ ਦੂਰੀ, ਸਿਰਫ ਤੇਰੇ ਤਰਨ ਤੱਕ ਹੈ।
ਬ- ਕਾਵਿ ਤੋਂ ਕਥਾ ਵਿਧਾ ਵੱਲ ਕਿਵੇਂ ਰੁਚਿਤ ਹੋਏ?
ਕ- ਕਵਿਤਾ ਲਿਖਦਿਆਂ ਮੇਰੇ ਜ਼ਿਹਨ ਵਿੱਚ ਵਿਚਾਰਾਂ ਦੀ ਮਿਕਦਾਰ ਐਨੀ ਵੱਧਣ ਲੱਗ ਪਈ ਕਿ ਜਿਨ੍ਹਾਂ ਨੂੰ ਕਵਿਤਾ ਵਿੱਚ ਵਿਅਕਤ ਕਰਨਾ ਮੇਰੇ ਲਈ ਮੁੰਮਕਿਨ ਨਹੀਂ ਸੀ। ਉਨ੍ਹਾਂ ਖਿਆਲਾਂ ਦੀ ਬਹੁਲਤਾ ਦੇ ਨਿਕਾਸ ਲਈ ਮੱਲੋਮੱਲੀ ਮੈਨੂੰ ਕਹਾਣੀ ਨੂੰ ਹੱਥ ਪਾਉਣਾ ਪਿਆ।
ਬ- ਤੁਹਾਡੇ ਦੋਨੋਂ ਕਹਾਣੀ ਸੰਗ੍ਰਹਿਾਂ ਵਿੱਚ ਸ਼ਬ ਲਫ਼ਜ਼ ਬਾਰਾਂ ਵਾਰ ਆਇਆ ਹੈ ਤੇ ਹਰ ਵਾਰ ਤੁਸੀਂ ਰੈਣ ਦੇ ਪ੍ਰਾਇਵਾਚੀ ਸ਼ਬਦ ਰਾਤ ਨੂੰ ਰਾਤ-ਰਾਣੀ ਲਿਖਿਆ ਹੈ। ਕਿਉਂ?
ਕ- ਰਾਤ ਨੂੰ ਸਿਰਫ ਰਾਤ ਕਹਿਣ ਦੀ ਬਜਾਏ ਮੈਨੂੰ ਰਾਤ-ਰਾਣੀ ਕਹਿਣਾ ਬਹੁਤ ਪਿਆਰਾ ਲੱਗਦਾ ਹੈ। ਤੁਸੀਂ ਕਹਿ ਸਕਦੇ ਹੋ ਕਿ ਇਹ ਮੇਰਾ ਪਾਲਤੂ ਸ਼ਬਦ (ਪੈਟ ਵਰਡ) ਹੈ। ਇਸੇ ਵਜ੍ਹਾ ਕਰਕੇ ਮੇਰੀਆਂ ਕਹਾਣੀਆਂ ਵਿੱਚ ਤੁਹਾਨੂੰ ਹਮੇਸ਼ਾਂ ਇਹ ਸ਼ਬਦ ਜੋੜਾ ਲੱਭਦਾ ਰਹਿੰਦਾ ਹੈ।
ਬ- ਤੁਹਾਡੀਆਂ ਕਹਾਣੀਆਂ ਦਾ ਔਸਤਨ ਆਕਾਰ ਡੇਢ ਤੋਂ ਦੋ ਡੈਮੀ ਕਿਤਾਬੀ ਸਫੇ ਤੱਕ ਹੈ। ਤੁਹਾਡੇ ਕਹਾਣੀ ਸੰਗ੍ਰਹਿ ਕੁਦੇਸੜ ਦਾ ਪੁੱਤ ਵਿੱਚ ਸੰਕਿਲਤ ਅਖੀਰਲੀਆਂ ਤਿੰਨ ਕਹਾਣੀਆਂ (ਲੁੱਚਾ, ਕੌੜੇ ਘੁੱਟ ਅਤੇ ਕਮੀਨਾ) ਨੂੰ ਤਤਕਰਾ ਪੰਨੇ ਵਿੱਚ ਮਿੰਨੀ ਕਹਾਣੀਆਂ ਵਜੋਂ ਪੇਸ਼ ਕੀਤਾ ਗਿਆ ਹੈ। ਜਦ ਕਿ ਇਨ੍ਹਾਂ ਉਪਰੋਕਤ ਕਹਾਣੀਆਂ ਦਾ ਕੱਦ ਵੀ ਉਸੇ ਪੁਸਤਕ ਵਿੱਚ ਦਰਜ਼ ਬਾਕੀ ਕਹਾਣੀਆਂ ਜਿਤਨਾ ਹੀ ਹੈ। ਅਜਿਹਾ ਕਿਉਂ?
ਕ- (ਖੱਚਰਾ ਜਿਹਾ ਹੱਸ ਕੇ) ਮੈਂ ਝੂਠ ਨਹੀਂ ਬੋਲਾਂਗਾ।
ਬ- ਬੋਲੋਂਗੇ ਕਿਵੇਂ? ਤੁਹਾਡੇ ਹੱਥ ਵਿੱਚ ਮੁਕੱਦਸ ਕਲਮ ਫੜ੍ਹੀ ਹੋਈ ਹੈ।
ਕ- ਜਦੋਂ ਮੇਰੀ ਇਹ ਪੁਸਤਕ ਛਪੀ ਸੀ, ਉਦੋਂ ਮੈਨੂੰ ਕਹਾਣੀ ਵਿਧਾ ਦਾ ਉਨਾ ਗਿਆਨ ਨਹੀਂ ਸੀ ਜਿੰਨਾ ਅੱਜ ਹੈ। ਨਾਸਮਝੀ ਅਤੇ ਅਗਿਆਨਤਾ ਵਿੱਚ ਹੀ ਇਹ ਗਲਤੀ ਹੋ ਗਈ ਸੀ। ਹੁਣ ਮੈਨੂੰ ਪਤਾ ਹੈ ਕਿ ਇਹ ਕਹਾਣੀਆਂ ਮਿੰਨੀ ਕਹਾਣੀਆਂ ਨਹੀਂ ਹਨ।
ਬ- ਅਣ-ਦਿਸਦੀਆਂ ਸੜਕਾਂ ਕਹਾਣੀ ਦੇ ਪਿਛੋਕੜ ਬਾਰੇ ਚਾਨਣਾ ਪਾਉ ਤੇ ਹੋ ਸਕੇ ਤਾਂ ਕਹਾਣੀ ਨਾਲ ਜੁੜੇ ਕਿਸੇ ਐਸੇ ਭੇਤ ਦੀ ਗੱਠੜੀ ਨੂੰ ਖੋਲੋ ਜੋ ਤੁਸੀਂ ਉਸ ਵੇਲੇ ਕਹਾਣੀ ਵਿੱਚ ਬਿਆਨ ਕਰਨੋਂ ਝਿਜਕ ਗਏ ਹੋਵੋਂ?
ਕ- ਇੱਕ ਕੁੜੀ ਦਾ ਵਿਆਹ ਉਹਦੀ ਮਰਜ਼ੀ ਦੇ ਖਿਲਾਫ ਕੀਤਾ ਗਿਆ ਸੀ ਤੇ ਉਹਨੇ ਦਬਾਅ ਵਿੱਚ ਆਈ ਨੇ ਆਨੰਦ ਕਾਰਜ਼ ਤਾਂ ਚੁੱਪ ਕਰਕੇ ਕਰਵਾ ਲਏ ਸਨ। ਪਰ ਜਦੋਂ ਉਹਨੂੰ ਵਿਆਹ ਕੇ ਲਿਜਾ ਰਹੀ ਕਾਰ ਲੰਬਾ ਸਫਰ ਹੋਣ ਕਰਕੇ ਕੈਫੇ ਤੇ ਰੁੱਕੀ ਤਾਂ ਉਹ ਕੁੜੀ ਡੋਲੀ ਵਿੱਚੋਂ ਨਿਕਲ ਕੇ ਆਪਣੇ ਪ੍ਰੇਮੀ ਦੀ ਕਾਰ ਵਿੱਚ ਜਾ ਬੈਠੀ ਜੋ ਕਿ ਪੁਨਰ-ਮਿਥੀ ਯੋਜਨਾ ਮੁਤਾਬਕ ਉਸਦਾ ਪਹਿਲਾਂ ਹੀ ਇੰਤਜ਼ਾਰ ਕਰ ਰਿਹਾ ਸੀ। ਸਭ ਲੋਕੀ ਦੇਖਦੇ ਰਹਿ ਗਏ ਸਨ ਤੇ ਉਨ੍ਹਾਂ ਦੀ ਕਾਰ ਅਣਦਿਸਦੀਆਂ ਸੜਕਾਂ ’ਤੇ ਗੁਆਚ ਗਈ ਸੀ। ਮੈਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਿਆ ਸੀ ਤਾਂ ਮੈਨੂੰ ਸੁਣ ਕੇ ਬੜਾ ਅਚੰਭਾ ਲੱਗਿਆ ਸੀ। ਮੈਨੂੰ ਇਸ ਗੱਲ ਦਾ ਉਕਾ ਹੀ ਯਕੀਨ ਨਹੀਂ ਸੀ ਆਇਆ। ਪਰ ਜਦੋਂ ਮੈਂ ਇਸ ਘਟਨਾ ਦੀ ਛਾਣਬੀਣ ਕੀਤੀ ਸੀ ਤਾਂ ਮੈਨੂੰ ਪਤਾ ਲੱਗਿਆ ਸੀ ਕਿ ਉਹ ਸਭ ਸੱਚ ਸੀ। ਤੇ ਉਸ ਸਚਾਈ ਨੇ ਹੀ ਮੈਨੂੰ ਕਹਾਣੀ ਲਿਖਣ ਲਈ ਮਜ਼ਬੂਰ ਕੀਤਾ ਸੀ।
ਬ- ਤੁਹਾਡੀ ਕਹਾਣੀਆਂ ਦੀ ਪੁਸਤਕ ਕੁਦੇਸੜ ਦੇ ਪੁੱਤ ਵਿਚਲੀ ਕਹਾਣੀ ਪਿਆਰ ਦਾ ਕਤਲ ਬਿਨਾਂ ਕਿਸੇ ਤਬਦੀਲੀ ਦੇ ਜਾਂ ਸੋਧੀਕਰਨ ਦੇ ਹੂ-ਬ-ਹੂ ਉਸੇ ਰੂਪ ਵਿੱਚ ਹੀ ਅਗਲੇ ਕਹਾਣੀ ਸੰਗ੍ਰਹਿ ਮੇਰਾ ਪਿੰਡ ਮੇਰਾ ਘਰ ਵਿੱਚ ਵੀ ਮੌਜ਼ੂਦ ਹੈ। ਇੱਕ ਵਾਰ ਛਾਪ ਲੈਣ ਬਾਅਦ ਦੂਜੀ ਵਾਰ ਫੇਰ ਉਸੇ ਕਹਾਣੀ ਨੂੰ ਛਪਵਾਉਣ ਦਾ ਕੀ ਮਤਲਵ ਹੋਇਆ?
ਕ- (ਪੈਂੱਨ ਨੂੰ ਘੁੱਟ ਕੇ ਫੜ੍ਹਦੇ ਹੋਏ) ਇਹ ਪਰੈਂੱਸ ਵਾਲੇ ਦੀ ਗਲਤੀ ਨਾਲ ਹੋਇਆ ਸੀ। ਉਥੇ ਇੰਡੀਆ ਇਹ ਦੋਨੋਂ ਕਿਤਾਬਾਂ ਛਪੀਆਂ ਸਨ। ਉਨ੍ਹਾਂ ਨੇ ਇਹ ਗਲਤੀ ਕਰ ਦਿੱਤੀ ਸੀ। ਮੈਂ ਤਾਂ ਸਗੋਂ ਆਪ ਜਾ ਕੇ ਪ੍ਰੈਸ ਵਾਲਿਆਂ ਨਾਲ ਬਹੁਤ ਲੜਿਆ ਸੀ। ਮੈਂ ਕਿਹਾ ਇਹ ਤੁਸੀਂ ਕੀ ਕੀਤੈ। ਤੁਹਾਨੂੰ ਪਤਾ ਹੈ ਇਹੋ ਜਿਹੀਆਂ ਗਲਤੀਆਂ ਤਾਂ ਉਹ ਕਰ ਹੀ ਦਿੰਦੇ ਹਨ।
ਬ- ਅੱਛਾ ਜੀ! ਮੈਨੂੰ ਤਾਂ ਨ੍ਹੀਂ ਸੀ ਪਤਾ, ਪਰ ਹੁਣ ਪਤਾ ਲੱਗ ਗਿਆ ਹੈ।ਦੇਖ ਲਉ ਪਾਠਕੋ ਰਾਮਪੂਰੀ ਜੀ ਨਹੀਂ ਟਲ੍ਹੇ, ਗੱਪ ਰੋੜ ਹੀ ਗਏ। ਕੁਦੇਸੜ ਦਾ ਪੁੱਤ 1995 ਵਿੱਚ ਲੇਖਕ ਨੇ ਖੁੱਦ ਪ੍ਰਕਾਸ਼ਤ ਕੀਤੀ ਸੀ ਤੇ ਗਾਯਤਰੀ ਪ੍ਰਿੰਟਰਜ਼ ਦੁਆਰਾ ਛਾਪੀ ਗਈ ਸੀ। ਜਦੋਂ ਕਿ ਮੇਰਾ ਪਿੰਡ ਮੇਰਾ ਘਰ 1998 ਵਿੱਚ ਪੰਜਾਬੀ ਲੇਖਕ ਸਭਾ (ਪਲਾਹੀ) ਨੇ ਰੀਸ਼ੀ ਪ੍ਰੈਸ ਤੋਂ ਤਿਆਰ ਕਰਵਾਈ ਸੀ। -ਮੇਰਾ ਖਿਆਲ ਹੈ ਦੁਸਰੀ ਪੁਸਤਕ ਦੇ ਛਪਵਾਉਣ ਸਮੇਂ ਰਾਮਪੁਰੀ ਜੀ ਕੋਲ ਕੋਈ ਹੋਰ ਰਚਨਾ ਤਿਆਰ ਨਹੀਂ ਹੋਵੇਗੀ ਜਾਂ ਇਹ ਕਹਾਣੀ ਉਨ੍ਹਾਂ ਨੂੰ ਕਿਸੇ ਕਾਰਨ ਅਜ਼ੀਜ ਹੋਵੇਗੀ, ਤਾਂ ਹੀ ਉਨ੍ਹਾਂ ਨੇ ਜਾਣ-ਬੁੱਝ ਕੇ ਦੁਬਾਰਾ ਇਸ ਨੂੰ ਸ਼ਾਮਲ ਕਰਵਾਇਆ ਹੋਵੇਗਾ। ਸੱਚ ਕੀ ਹੈ? ਰੱਬ ਜਾਣੇ ਜਾਂ ਜਾਣਨ ਰਾਮਪੁਰੀ ਜੀ ਤੇ ਝੂਠ ਕੀ ਹੈ? ਇਹ ਮੈਂ ਵੀ ਜਾਣ ਗਿਆ ਹਾਂ ਤੇ ਤੁਸੀਂ ਵੀ।
ਬ- ਬਰਤਾਨੀਆਂ ਦੇ ਪੰਜਾਬੀ ਸਾਹਿਤਕ ਕਾਨਫਰੰਸਾਂ ਤੇ ਪੜ੍ਹੇ ਗਏ ਪਰਚੇ ਸਿਰਲੇਖ ਹੇਠ ਤੁਸੀਂ 1995 ਵਿੱਚ ਇੱਕ ਪੁਸਤਕ ਸੰਪਾਦਿਤ ਕੀਤੀ ਸੀ। ਉਸ ਵਿੱਚ ਛਪੀ ਸਮਗਰੀ ਦੇ ਅਸਲ ਪਰਚੇ ਵੀ ਮੇਰੇ ਹੱਥ ਲੱਗੇ ਹਨ। ਉਨ੍ਹਾਂ ਦਾ ਪਠਨ ਕਰਨ ਉਪਰੰਤ ਮੈਨੂੰ ਅਸਲ ਪਰਚਿਆਂ ਅਤੇ ਪੁਸਤਕ ਵਿੱਚਲੇ ਲੇਖਾਂ ਵਿੱਚ ਕੋਈ ਭਿੰਨਤਾ ਦਿਖਾਈ ਨਹੀਂ ਦਿੱਤੀ। ਜੇ ਪਰਚਿਆਂ ਨੂੰ ਬਿਨਾਂ ਕਿਸੇ ਸੋਧ ਦੇ ਚੁੱਕ ਕੇ ਉਵੇਂ ਛਪਵਾ ਦਿੱਤਾ ਹੈ ਤਾਂ ਫੇਰ ਤੁਸੀਂ ਸੰਪਾਦਿਤ ਕੀ ਕੀਤਾ ਹੈ? ਉਂੱਥੇ ਤੁਹਾਡਾ ਨਾਮ ਸੰਗ੍ਰਹਿ-ਕਰਤਾ ਵਜੋਂ ਅੰਕਿਤ ਨਹੀਂ ਸੀ ਕੀਤਾ ਹੋਣਾ ਚਾਹੀਦਾ?
ਕ- ਹਾਂ ਤੁਸੀਂ ਠੀਕ ਫਰਮਾਇਆ ਹੈ। ਗੱਲ ਪਤੈ ਕੀ ਸੀ? ਮੈਂ ਜਦੋਂ ਇੱਥੇ ਕਿਸੇ ਸਾਹਿਤਕ ਇਕੱਠ ਵਿੱਚ ਜਾਂਦਾ ਹੁੰਦਾ ਸੀ ਤਾਂ ਦੇਖਦਾ ਹੁੰਦਾ ਸੀ ਕਿ ਉਥੇ ਪੜ੍ਹਿਆ ਗਿਆ ਪਰਚਾ ਲੋਕੀ ਸਿੱਟ ਦਿੰਦੇ ਹੁੰਦੇ ਸਨ। ਮੈਨੂੰ ਇਹ ਦੇਖ ਕੇ ਬੜਾ ਦੁੱਖ ਲੱਗਣਾ। ਮੇਰਾ ਖਿਆਲ ਹੈ ਕਿ ਜਦੋਂ ਕੋਈ ਵਿਦਵਾਨ ਕਿਸੇ ਲੇਖਕ ਦੀ ਲਿਖਤ ਉਂੱਤੇ ਪਰਚਾ ਲਿਖਦਾ ਹੈ ਤਾਂ ਸਾਨੂੰ ਉਸਦੀ ਮਿਹਨਤ ਨੂੰ ਰੋਲਣਾ ਨਹੀਂ ਚਾਹੀਦਾ। ਇਸ ਲਈ ਮੈਂ ਉਹ ਪਰਚੇ ਸਾਂਭ ਲੈਂਦਾ ਹੁੰਦਾ ਸੀ। ਅੱਜ ਵੀ ਮੇਰੇ ਕੋਲ ਸੈਂਕੜੇ ਹੀ ਪੇਪਰ ਸੰਭਾਲੇ ਪਏ ਹਨ। ਮੈਂ ਉਨ੍ਹਾਂ ਸਾਹਿਤਕ ਕ੍ਰਿਤਾਂ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਉਹਨਾਂ ਪਰਚਿਆਂ ਨੂੰ ਕਿਤਾਬੀ ਰੂਪ ਦਿੱਤਾ ਸੀ। ਹੁਣ ਤੁਸੀਂ ਜਾਣਦੇ ਹੀ ਹੋ ਕਿ ਇੱਕ ਸਾਹਿਤਕ ਸਮਾਗਮ ਵਿੱਚ ਬਹੁਤ ਲੋਕ ਸ਼ਿਰਕਤ ਨਹੀਂ ਕਰ ਸਕਦੇ। ਮਿਸਾਲ ਦੇ ਤੌਰ ’ਤੇ ਅੱਜ ਤੋਂ ਬੀਹ-ਬਾਈ ਸਾਲ ਪਹਿਲਾਂ ਪੜ੍ਹੇ ਗਏ ਪਰਚੇ ਨੂੰ ਪੜ੍ਹੇ ਜਾਣ ਵੇਲੇ ਚਾਹੁਣ ਦੇ ਬਾਵਜੂਦ ਵੀ ਤੁਸੀਂ ਹਾਜ਼ਰ ਨਹੀਂ ਸੀ ਹੋ ਸਕਦੇ। ਸ਼ਾਇਦ ਮੈਂ ਗਲਤ ਨਾ ਹੋਵਾਂ ਉਸ ਵਕਤ ਤਾਂ ਤੁਸੀਂ ਪੈਦਾ ਹੀ ਨਹੀਂ ਹੋਏ ਹੋਵੋਂਗੇ। ਲੇਕਿਨ ਇਸ ਪੁਸਤਕ ਦੇ ਜ਼ਰੀਏ ਤੁਹਾਨੂੰ ਆਪਣੇ ਜਨਮ ਤੋਂ ਵੀ ਪਹਿਲਾਂ ਬਰਤਾਨੀਆਂ ਵਿੱਚ ਰਚੇ ਗਏ ਸਾਹਿਤ ਅਤੇ ਉਸਦੀ ਹੋਈ ਪੜਚੋਲ ਬਾਰੇ ਬਹੁਤ ਸਾਰੀ ਜਾਣਕਾਰੀ ਮਿਲ ਗਈ ਹੋਵੇਗੀ। ਉਸ ਕਿਤਾਬ ਨੂੰ ਛਾਪਣ ਦਾ ਮੇਰਾ ਇਹੀ ਮਕਸਦ ਸੀ। ਤੁਹਾਡੇ ਸਵਾਲ ਦੇ ਜੁਆਬ ਵੱਲ ਮੁੜਦਿਆਂ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਮੈਂ ਪੁਸਤਕ ਦਾ ਖਰੜਾ ਪ੍ਰਕਾਸ਼ਤ ਹੋਣ ਹਿੱਤ ਤਿਆਰ ਕਰ ਰਿਹਾ ਸੀ ਤਾਂ ਪਰਚੇ ਪੜ੍ਹਦਿਆਂ ਮੈਨੂੰ ਕਿਧਰੇ ਵੀ ਕੋਈ ਵਾਧ-ਘਾਟ ਕਰਨ ਦੀ ਅਵੱਸ਼ਕਤਾ ਮਹਿਸੂਸ ਨਹੀਂ ਹੋਈ। ਪਰਚੇ ਨੂੰ ਜਿਸ ਰੂਪ ਵਿੱਚ ਜਿਸ ਸਮੀਖਿਅਕ ਨੇ ਵੀ ਲਿਖਿਆ ਸੀ, ਮੈਂ ਉਸ ਰਚਨਾਕਾਰ ਦੇ ਵਿਚਾਰਾਂ ਨਾਲ ਸਹਿਮਤ ਅਤੇ ਪ੍ਰਸੰਨ ਸੀ। ਮੈਂ ਆਪਣੀ ਵਿੱਦਵਤਾ ਦਾ ਪ੍ਰਦਰਸ਼ਨ ਕਰਨ ਲਈ ਉਸ ਪਰਚੇ ਦੇ ਨਕਸ਼ ਨਹੀਂ ਸੀ ਵਿਗਾੜਨਾ ਚਾਹੁੰਦਾ। ਇਸ ਲਈ ਮੈਂ ਉਨ੍ਹਾਂ ਪਰਚਿਆਂ ਨੂੰ ਛੇੜ-ਛਾੜ ਕਰੇ ਬਿਨਾਂ ਉਸੇ ਮੂਲਰੂਪ ਵਿੱਚ ਪ੍ਰਕਾਸ਼ਤ ਕਰਵਾ ਦਿੱਤਾ ਸੀ।
ਬ- ਇਸ ਪੁਸਤਕ ਨੂੰ ਕਿਹੋ ਜਿਹਾ ਹੁੰਗਾਰਾਂ ਮਿਲਿਆ ਸੀ?
ਕ- ਇਸ ਦੀ ਛਪਾਈ ਵਿੱਚ ਮੈਨੂੰ ਬਹੁਤ ਸਾਰੀਆਂ ਔਕੜਾਂ ਆਈਆਂ ਸਨ। ਕਿਸੇ ਨੇ ਮੈਨੂੰ ਸਹਿਯੋਗ ਨਹੀਂ ਦਿੱਤਾ ਸੀ। ਮੈਂ ਇਕੱਲੇ ਨੇ ਹੀ ਸਾਰਾ ਕੁੱਝ ਕੀਤਾ ਸੀ। ਪੁਸਤਕ ਛਪਣ ਬਾਅਦ ਮੈਂ ੳ (ਲੇਖਕ ਵੁਲਵਰਹੈਂਪਟਨ ਦਾ ਵਸਨੀਕ ਸੀ। ਗੁਜ਼ਰ ਚੁੱਕਿਆ ਹੋਣ ਕਰਕੇ ਅਸਲੀ ਨਾਮ ਕੱਟ ਦਿਤਾ ਹੈ- ਮੁਲਾਕਾਤੀ) ਕੋਲ ਵੀ ਗਿਆ ਸੀ। ਉਸਨੇ ਵੀ ਇਸ ਦੀ ਵਿਕਰੀ ਵਿੱਚ ਮੇਰੀ ਕੋਈ ਸਹਾਇਤਾ ਨਹੀਂ ਸੀ ਕੀਤੀ। ਜਦੋਂ ਕਿ ਇੱਕ ਪੂਰੇ ਦਾ ਪੂਰਾ ਪਰਚਾ ਹੀ ਉਸ ਬਾਰੇ ਸੀ। ਬਹਰਹਾਲ ਇਸ ਪੁਸਤਕ ਨੂੰ ਪੜ੍ਹਿਆ ਬਹੁਤ ਗਿਐ। ਇਸ ਗੱਲੋਂ ਮੈਂ ਬਹੁਤ ਖੁਸ਼ ਹਾਂ।
ਬ- ਅੱਜਕੱਲ੍ਹ ਪੜ੍ਹਣ ਦਾ ਸਿਲਸਲਾ ਕਿਵੇਂ ਚੱਲਦਾ ਹੈ?
ਕ- ਹੁਣ ਤਾਂ ਮੇਰੀ ਨਿਗਾਹ ਬਹੁਤ ਕਮਜ਼ੋਰ ਹੋ ਗਈ ਹੈ। ਇਸ ਲਈ ਮੈਥੋਂ ਬਹੁਤਾ ਪੜ੍ਹ ਨਹੀਂ ਹੁੰਦਾ। ਅੱਵਲ ਤਾਂ ਪੰਜਾਬ ਟਾਈਮਜ਼ ਹੀ ਨਹੀਂ ਮੁੱਕਦਾ। ਇਸ ਵਿੱਚ ਬੜੀ ਸਮੱਗਰੀ ਛੱਪਦੀ ਰਹਿੰਦੀ ਹੈ। ਜੇ ਫਿਰ ਵੀ ਕੁੱਝ ਸਮਾਂ ਬਚ ਜਾਵੇ ਤਾਂ ਕੋਈ ਨਾ ਕੋਈ ਕਿਤਾਬ ਪੜ੍ਹ ਲੈਂਦਾ ਹਾਂ। ਪਰ ਕਿਸੇ ਵੇਲੇ ਬਹੁਤ ਪੜ੍ਹਿਆ ਹੈ। ਮੰਟੋ, ਬੇਦੀ, ਨਾਨਕ ਸਿੰਘ, ਗੁਰਬਖਸ਼ ਸਿੰਘ ਵਰਗੇ ਵੱਡੇ ਲੇਖਕਾਂ ਤੋਂ ਲੈ ਕੇ ਹਰ ਛੋਟੇ ਤੋਂ ਛੋਟੇ ਲੇਖਕ ਨੂੰ ਪੜ੍ਹਿਆ ਹੈ। ਹੁਣ ਤਾਂ ਮੈਂ ਜ਼ਿਆਦਾਤਰ ਨਵੇਂ ਮੁੰਡਿਆਂ ਦੀਆਂ ਰਚਨਾਵਾਂ ਪੜ੍ਹਨ ਨੂੰ ਤਰਜੀਹ ਦਿੰਦਾ ਹਾਂ। ਮੈਂ ਸਮਝਦਾ ਹਾਂ ਨਵਿਆਂ ਕੋਲ ਕਹਿਣ ਲਈ ਨਵੀਂ ਗੱਲ ਹੈ। ਤੇਰੀਆਂ ਕਹਾਣੀਆਂ ਨੇ ਇੱਕਦਮ ਮੇਰਾ ਧਿਆਨ ਖਿੱਚ ਲਿਆ ਸੀ। ਇੱਕ ਹੋਰ ਮੁੰਡਾ ਹੈ ਸੁੱਖਵਿੰਦਰ ਸਿੰਘ ਸੁੱਖੀ, ਉਸ ਨੇ ਬਹੁਤ ਵਧੀਆ ਕਹਾਣੀਆਂ ਰਚੀਆਂ ਹਨ। ਹਰਜਿੰਦਰ ਸਿੰਘ ਮੰਡੇਰ ਭਾਵੇਂ ਸੰਪਾਦਨਾ ਕਾਰਜ਼ਾਂ ਕਰਕੇ ਮਸਰੂਫ ਰਹਿੰਦਾ ਹੈ। ਪਰ ਫੇਰ ਵੀ ਉਸ ਦੀਆਂ ਕਈ ਉਤਕ੍ਰਿਸ਼ਠ ਅਤੇ ਮਿਆਰੀ ਰਚਨਾਵਾਂ ਸਾਹਮਣੇ ਆ ਰਹੀਆਂ ਹਨ। ਕਵਿਤਾ ਦੇ ਖੇਤਰ ਵਿੱਚ ਕਈਆਂ ਨਾਵਾਂ ਤੋਂ ਉਮੀਦ ਰੱਖੀ ਜਾ ਸਕਦੀ ਹੈ।
ਬ- ਵਾਹ ਜੀ! ਪੰਜਾਬੀ ਦੇ ਬਹੁਤੇ ਲੇਖਕ ਲਿਖਦੇ ਹੀ ਹਨ। ਪੜ੍ਹਦੇ ਨਹੀਂ। ਕਈ ਤਾਂ ਇਥੋਂ ਤੱਕ ਪਹੁੰਚੇ ਹੋਏ ਹਨ ਕਿ ਖੁਦ ਦੀ ਰਚਨਾ ਨੂੰ ਵੀ ਪੜ੍ਹਨ ਦੀ ਖੇਚਲ ਨਹੀਂ ਕਰਦੇ। -ਅੱਛਾ ਜੇ ਸਾਹਿਤ ਪੜ੍ਹਣ ਦੇ ਵੀ ਤੁਸੀਂ ਏਨੇ ਹੀ ਸ਼ੌਕੀਨ ਸੀ ਤਾਂ ਅੱਜ ਤੋਂ ਕਈ ਸਾਲ ਪਹਿਲਾਂ ਮਨਜੀਤ ਰਾਣੇ ਦੁਆਰਾ ਰਚਿਤ ਆਪਣੇ ਸਮੇਂ ਦਾ ਬਹੁਤ ਚਰਚਿਤ ਨਾਵਲ ਅੰਗਰੇਜ਼ ਕੁੜੀਆਂ ਤਾਂ ਤੁਸੀਂ ਜ਼ਰੂਰ ਪੜ੍ਹਿਆ ਹੋਵੇਗਾ?
ਕ- ਨਹੀਂ ਬਈ ਉਸ ਨਾਵਲ ਨੂੰ ਪ੍ਰਾਪਤ ਕਰਨ ਦੀ ਮੈਂ ਕੋਸ਼ਿਸ਼ ਤਾਂ ਬਹੁਤ ਕੀਤੀ ਸੀ। ਪਰ ਉਹ ਮੈਨੂੰ ਹਾਸਿਲ ਨਹੀਂ ਸੀ ਹੋ ਸਕਿਆ। ਉਂਝ ਉਸ ਨਾਵਲ ਦੀ ਚਰਚਾ ਬਹੁਤ ਸੁਣੀ ਸੀ।
ਬ- ਮਨਭਾਉਂਦੀਆਂ ਕਿਤਾਬਾਂ ਦੀ ਸੂਚੀ ਵਿੱਚ ਪ੍ਰਥਮ ਸਥਾਨ ਉੱਤੇ ਕਿਸ ਕਿਤਾਬ ਨੂੰ ਰੱਖੋਗੇ?
ਕ- ਮੁਨਸ਼ੀ ਪ੍ਰੇਮ ਚੰਦ ਦੀ ਗਊਦਾਨ -ਉਸ ਪੁਸਤਕ ਨੇ ਜੀਵਨ ਵਿੱਚ ਹਮੇਸ਼ਾਂ ਮੇਰੀ ਰਹਿਨੁਮਾਈ ਕੀਤੀ ਹੈ। ਸਮਾਜਿਕ ਕੁਰੀਤੀਆਂ ਅਤੇ ਕੋਹੜ ਨੂੰ ਪ੍ਰੇਮ ਚੰਦ ਨੇ ਬੜੇ ਹੁਨਰ ਅਤੇ ਸਲੀਕੇ ਨਾਲ ਇਸ ਪੁਸਤਕ ਰਾਹੀਂ ਨੰਗਾ ਕੀਤਾ ਹੈ। ਇਸ ਉਪਨਿਆਸ ਦੀ ਮੁੱਖ ਪਾਤਰ ਮਾਲਤੀ ਜਾਗੀਰਦਾਰ ਦੀ ਹਵਸ ਦਾ ਸ਼ਿਕਾਰ ਹੋਣ ਤੋਂ ਬੱਚ ਕੇ ਭੱਜੀ ਜਾਂਦੀ ਅੱਜ ਵੀ ਮੁੜ-ਮੁੜ ਮੇਰੀਆਂ ਅੱਖਾਂ ਸਾਹਮਣੇ ਆ ਖਲੋਂਦੀ ਹੈ।
ਬ- ਤੁਹਾਡੀਆਂ ਅਖਬਾਰਾਂ, ਰਸਾਲਿਆਂ ਆਦਿ ਵਿੱਚ ਛਪੀਆਂ ਸਿਨਫਾਤ ਅਤੇ ਛੇ ਦੀਆਂ ਛੇ ਕਿਤਾਬਾਂ ( ਕੇਸਰ ਦੀ ਖੁਸ਼ਬੋ 1971, ਬੋਲਾਂ ਦੀ ਮਹਿਕ 1993, ਕੁਦੇਸੜ ਦਾ ਪੁੱਤ 1993, ਬਰਤਾਨੀਆਂ ਦੇ ਪੰਜਾਬੀ ਸਾਹਿਤਕ ਕਾਨਫਰੰਸਾਂ ਤੇ ਪੜ੍ਹੇ ਗਏ ਪਰਚੇ 1995, ਮੇਰਾ ਪਿੰਡ ਮੇਰਾ ਘਰ 1997, ਸਾਵੇ ਸਾਗਰਾਂ ਤੋਂ ਪਾਰ 1998 ) ਦਾ ਅਧਿਐਨ ਕਰਨ ਉਪਰੰਤ ਤੁਹਾਡੀਆਂ ਰਚਨਾਵਾਂ ਵਿੱਚ ਛੁਪੇ ਸਮਾਂ-ਸੰਕੇਤਾਂ ਨੂੰ ਖੋਜਣ ’ਤੇ ਇਹ ਸਿੱਧ ਹੁੰਦਾ ਹੈ ਕਿ ਭਾਵੇਂ ਤੁਸੀਂ ਧੀਮੀ ਗਤੀ ਨਾਲ ਹੀ ਲਿਖਦੇ ਰਹੇ ਹੋ। ਪਰ ਤੁਸੀਂ ਸਾਹਿਤ ਸਿਰਜਣਾ ਵਿੱਚ ਨਿਰੰਤਰ ਕਰਮਸ਼ੀਲ ਅਤੇ ਅਗਰਸਰ ਰਹੇ ਹੋ? ਕੀ ਕਦੇ ਕੋਈ ਐਸਾ ਸਮਾਂ ਵੀ ਆਇਆ ਜਦੋਂ ਤੁਹਾਡੀ ਸਿਰਜਣਾਤਮਕ ਪ੍ਰਕ੍ਰਿਆ ਵਿੱਚ ਲੰਬੇ ਸਮੇਂ ਲਈ ਖੱਪਾ ਪਿਆ ਹੋਵੇ?
ਕ- ਵੈਸੇ ਤਾਂ ਤੁਸੀਂ ਦਰੁਸਤ ਆਖਿਆ ਹੈ। ਮੈਂ ਲਗਾਤਾਰ ਕੱਛੂਆ-ਚਾਲ ਨਾਲ ਲਿਖਦਾ ਰਿਹਾ ਹਾਂ। ਪਰ ਜਦੋਂ ਮੇਰੇ ਫਾਦਰ ਦਾ ਇਥੇ ਹੰਸਲੋ ਮੇਰੇ ਭਰਾ ਕੋਲ ਆਇਆਂ ਦੇਹਾਂਤ ਹੋ ਗਿਆ ਸੀ ਤਾਂ ਉਦੋਂ ਮੈਨੂੰ ਬਹੁਤ ਸਦਮਾ ਲੱਗਿਆ ਸੀ। ਕਾਫੀ ਸਮੇਂ ਤੱਕ ਮੈਂ ਬਹੁਤ ਗ਼ਮਜ਼ਦਾ ਰਿਹਾ ਸੀ। ਤੁਹਾਨੂੰ ਪਤਾ ਹੈ ਲਿਖਣ ਲਈ ਇਕਾਗਰਚਿਤ ਹੋਣਾ ਬਹੁਤ ਜ਼ਰੂਰੀ ਹੈ। ਤੇ ਧਿਆਨ ਤਾਂ ਹੀ ਟਿਕਦਾ ਹੈ ਜੇ ਬੰਦੇ ਨੂੰ ਕੋਈ ਫਿਕਰ-ਫਾਕਾ ਜਾਂ ਦੁੱਖ ਤਕਲੀਫ ਨਾ ਹੋਵੇ। ਫਾਦਰ ਦੇ ਦੇਹਾਂਤ ਨਾਲ ਮੈਂ ਕਾਫੀ ਝੰਜੋੜਿਆ ਗਿਆ ਸੀ ਤੇ ਬਹੁਤ ਅਰਸੇ ਤੱਕ ਕੁੱਝ ਵੀ ਨਹੀਂ ਸੀ ਲਿਖ ਸਕਿਆ।
ਬ- ਕੇਸਰ ਦੀ ਖੁਸ਼ਬੋ, ਸਾਵੇ ਸਾਗਰਾਂ ਤੋਂ ਪਾਰ ਅਤੇ ਬਰਤਨੀਆਂ ਦੇ ਪੰਜਾਬੀ ਪਰਚੇ, ਇਨ੍ਹਾਂ ਸਾਰੀਆਂ ਕਿਤਾਬਾਂ ਦੇ ਸਮਰਪਣ ਪੰਨ੍ਹਿਆਂ ਵਿੱਚ ਮੈਨੂੰ ਕੋਈ ਵਖਰੇਵਾਂ ਨਹੀਂ ਦਿਸਦਾ। ਸਭ ਪੁਸਤਕਾਂ ਇੱਕ ਹੀ ਵਿਅਕਤੀ ਨੂੰ ਕਿਉਂ ਸਮਰਪਤ ਕੀਤੀਆਂ ਹੋਈਆਂ ਹਨ?
ਕ- ਹਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਇੱਕ ਐਸਾ ਦੌਰ ਆਇਆ ਜਦੋਂ ਮੇਰੇ ਜੀਵਨ ਦੀਆਂ ਖੁਸ਼ੀਆਂ ਵਿੱਚ ਖੜ੍ਹੋਤ ਆ ਗਈ ਸੀ। ਫਿਰ ਮੇਰਾ ਪੋਤਰਾ ਬਲਰਾਜ, ਜੋ ਤੇਰਾ ਹਮਨਾਮ ਹੈ। ਉਸਦਾ ਜਨਮ ਹੋਇਆ ਤੇ ਜਿਸ ਨਾਲ ਉਹ ਖੜੋਤ ਟੁੱਟੀ ਤੇ ਮੇਰੀ ਜ਼ਿੰਦਗੀ ਵਿੱਚ ਪੈ ਰਿਹਾ ਖਲਾਅ ਇੱਕਦਮ ਭਰ ਗਿਆ। ਉਸਦੇ ਜਨਮ ਨਾਲ ਮੈਨੂੰ ਇਉਂ ਲੱਗਿਆ ਸੀ ਜਿਵੇਂ ਕਿ ਸੱਤੇ ਬਹਿਸ਼ਤਾਂ ਮੇਰੀ ਝੋਲੀ ਵਿੱਚ ਡਿੱਗ ਪਈਆਂ ਹੋਣ। ਮੇਰੀ ਜ਼ਿੰਦਗੀ ਦੀ ਸਭ ਤੋਂ ਖੁਸ਼ਹਾਲ ਘੜੀ ਸੀ ਉਹ ਜਦੋਂ ਪੋਤਾ ਪੈਦਾ ਹੋਇਆ ਸੀ। ਮੈਨੂੰ ਹੁਣ ਵੀ ਉਹਦੇ ਬਿਨਾਂ ਕੋਈ ਹੋਰ ਨਹੀਂ ਦਿਸਦਾ। ਇਸੇ ਲਈ ਸਾਰੀਆਂ ਕਿਤਾਬਾਂ ਮੈਂ ਉਸਨੂੰ ਹੀ ਸਮਰਪਤ ਕਰੀ ਜਾ ਰਿਹਾ ਹਾਂ।
ਬ- ਤੁਹਾਡੀਆਂ ਸਭ ਤੋਂ ਪਸੰਦੀਦਾ ਕਹਾਣੀਆਂ ਕਿਹੜੀਆਂ ਹਨ?
ਕ- ਭੂਆਂ (ਨਾਨਕ ਸਿੰਘ) ਤੇ ਪੇਮੀ ਦੇ ਨਿਆਣੇ (ਸੰਤ ਸਿੰਘ ਸੇਖੋਂ) ਅਤੇ ਆਪਣੀਆਂ ਵਿੱਚੋਂ ਰਿਕਸ਼ਾਵਾਲਾ ਅਤੇ ਕੁਦੇਸੜ ਦਾ ਪੁੱਤ।
ਬ- ਮਹਿਬੂਬ ਲੇਖਿਕਾ?
ਕ- ਪੰਜਾਬੀ ਵਿੱਚ ਤਾਂ ਇੱਕੋ ਇੱਕ ਅਜੀਤ ਕੌਰ ਹੈ। ਜਦੋਂ ਗੱਲ ਕਰੂ ਧੜੱਲੇਦਾਰ ਹੀ ਕਰੂ। ਔਰਤ ਮਰਦ ਸੰਬੰਧਾਂ ਨੂੰ ਜਿਸ ਬੇਬਾਕੀ ਅਤੇ ਕਲਾ ਨਾਲ ਬਿਨਾਂ ਲੱਚਰ ਬਣਾਇਆ ਉਸ ਨੇ ਲਿਖਿਆ ਹੈ ਹੋਰ ਕੋਈ ਨਹੀਂ ਕਰ ਸਕੀ। ਉਹ ਔਰਤ ਅਤੇ ਮਰਦ ਦੋਨਾਂ ਦਾ ਪੱਖ ਬਰਾਬਰ ਪੇਸ਼ ਕਰਦੀ ਹੈ।
ਬ- ਬਰਤਾਨਵੀ ਪੰਜਾਬੀ ਸਾਹਿਤ ਜਗਤ ਦੇ ਆਲੋਚਕਾਂ ਬਾਰੇ ਤੁਹਾਡਾ ਕੀ ਵਿਚਾਰ ਹੈ?
ਕ- ਇੱਥੇ ਦੇ ਆਖੌਤੀ ਆਲੋਚਕਾਂ ਤੋਂ ਮੈਨੂੰ ਨਿਰਾਸ਼ਾਂ ਹੀ ਹੋਈ ਹੈ। ਇੱਥੇ ਕਿਸੇ ਨੇ ਵੀ ਸੁਹਿਰਦਤਾ ਨਾਲ ਆਲੋਚਨਾ ਦਾ ਕਾਰਜ਼ ਨਹੀਂ ਕੀਤਾ। ਇਹ ਗੱਲ ਮੈਂ ਠੋਕ ਕੇ ਕਹਿਣੀ ਚਾਹੁੰਦਾ ਹਾਂ ਕਿ ਸਭ ਨੇ ਆਪਣੇ ਦੋਸਤਾਂ ਨੂੰ ਸਰਾਹਿਆ ਹੈ ਤੇ ਬਾਕੀਆਂ ਨੂੰ ਨਿੰਦਿਆਂ ਹੈ ਜਾਂ ਕਈ ਚਾਪਲੂਸੀਆਂ ਤੱਕ ਹੀ ਸੀਮਿਤ ਰਹੇ। ਪਰ ਜੇ ਕਦੇ ਪੁੱਛ ਕੇ ਵੇਖੋ ਤਾਂ ਸਾਰੇ ਹੀ ਆਪਣੇ ਆਪਨੂੰ ਸੰਤ ਸਿੰਘ ਸੇਖੋਂ ਸਮਝੀ ਫਿਰਦੇ ਹਨ। ਜਦ ਕਿ ਇਹਨਾਂ ਚੋਂ ਕੋਈ ਵੀ ਭੱਦਰ-ਪੁਰਸ਼ (ਇਸਤਰੀ ਆਲੋਚਕਾ ਨਾਲ ਰਿਆਇਤ ਕਰ ਗਏ ਰਾਮਪੁਰੀ ਜੀ। -ਮੁਲਾਕਾਤੀ) ਸੇਖੋਂ ਦੇ ਪੈਰ ਵਰਗਾ ਵੀ ਨਹੀਂ ਬਣ ਸਕਿਆ। ਜਿਹੜੇ ਬੰਦੇ ਐਨੇ ਵਰ੍ਹਿਆਂ ਤੋਂ ਕੁੱਝ ਨਹੀਂ ਕਰ ਸਕੇ। ਹੁਣ ਅੱਗੇ ਉਨ੍ਹਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ। ਹਾਂ ਤੁਹਾਡੀ ਪੀੜੀ ਦੇ ਨੌਜ਼ਵਾਨਾਂ ਵਿੱਚੋਂ ਜੇ ਕੋਈ ਕਾਬਲ ਆਲੋਚਕ ਉਂੱਠ ਖੜ੍ਹੇ ਤਾਂ ਵੱਖਰੀ ਗੱਲ ਹੈ।
ਬ- ਭਵਿੱਖ ਵਿੱਚ ਪਾਠਕਾਂ ਨੂੰ ਕੀ ਸੌਗਾਤ ਦੇ ਰਹੇ ਹੋ?
ਕ- ਮੈਂ ਪਿਛਲੇ ਚਾਰ ਪੰਜ ਮਹੀਨੇ ਤੋਂ ਇੱਕ ਨਾਵਲ ਲਿਖਣ ਵਿੱਚ ਮਸਰੂਫ ਸੀ। ਉਸ ਬਾਰੇ ਮੈਂ ਹਾਲੇ ਜ਼ਿਆਦਾ ਵਿਸਥਾਰ ਵਿੱਚ ਤਾਂ ਨਹੀਂ ਜਾਣਾ ਚਾਹੁੰਦਾ। ਚਾਹੇ ਨਾਵਲ ਲਗਭਗ ਮੁਕੰਮਲ ਹੋ ਚੁੱਕਿਆ ਹੈ। ਬਹੁਤ ਜਲਦ ਹੀ ਉਸਨੂੰ ਛਪਵਾਉਣ ਦਾ ਉਦਮ ਕਰਾਂਗਾ। ਇੱਥੋਂ ਦੇ ਸਮਾਜ ਵਿੱਚ ਦਰਪੇਸ਼ ਆਉਂਦੀਆਂ ਸਮਸਿਆਵਾਂ ਨੂੰ ਮੈਂ ਉਸ ਵਿੱਚ ਛੋਹਿਆ ਹੈ।
ਬ- ਕੁੱਝ ਖੱਟੀ-ਕਮਾਈ ਮੇਰਾ ਮਤਲਬ ਮਾਣ-ਸਨਮਾਣ ਜਾਂ ਇਨਾਮਾਂ ਬਾਰੇ ਵੀ ਦੱਸੋ?
ਕ- ਪਾਠਕਾਂ ਦਾ ਜਿਹੜਾ ਢੇਰ ਸਾਰਾ ਪਿਆਰ ਮਿਲਦਾ ਹੈ, ਮੈਂ ਸਮਝਦਾ ਹਾਂ ਕਿ ਉਸ ਤੋਂ ਵੱਧ ਕੇ ਤਾਂ ਕੋਈ ਹੋਰ ਪੁਰਸਕਾਰ ਜਾਂ ਸਨਮਾਨ ਨਹੀਂ ਹੋ ਸਕਦਾ। ਉਂਝ ਅਨੇਕਾਂ ਹੀ ਸਾਹਿਤ ਸੰਭਾਵਾਂ ਨੇ ਮੈਨੂੰ ਇਨਾਮਾਂ ਨਾਲ ਨਿਵਾਜ਼ਿਆ ਹੈ। ਐਨੇ ਨਾਮ ਹਨ ਕਿਸ-ਕਿਸ ਦਾ ਗਿਣਾਵਾਂ ਤੇ ਕਿਸ ਦਾ ਛੱਡਾਂ?
ਬ- ਮੈਂ ਤਾਂ ਕਹਿੰਨਾਂ ਸਾਰਿਆਂ ਦੇ ਨਾਮ ਹੀ ਲੈ ਲਉ। ਨਹੀਂ ਅਗਲਿਆਂ ਨੇ ਅਗਾਂਹ ਤੋਂ ਤੁਹਾਡਾ ਨਾਮ ਲੈਣਾ ਛੱਡ ਦਿਆ ਕਰਨਾ ਹੈ।
ਕ- ਐਸ ਵੇਲੇ ਤਾਂ ਸਾਰੇ ਨਾਮ ਯਾਦ ਵੀ ਨਹੀਂ ਆਉਂਦੇ। ਜੇ ਕਿਸੇ ਇੱਕ ਅੱਧੇ ਦਾ ਜ਼ਿਕਰ ਹੋਣ ਤੋਂ ਰਹਿ ਗਿਆ ਤਾਂ ਅਗਲੇ ਨੇ ਗੁੱਸਾ ਕਰ ਜਾਣਾ ਹੈ। ਇਸ ਲਈ ਨਾਮ ਲੈਣ ਨੂੰ ਰਹਿਣ ਹੀ ਦਿੰਦੇ ਹਾਂ। ਵੈਸੇ 1993 ਵਿੱਚ ਪਟਿਆਲਾ ਯੂਨੀਵਰਸਟੀ ਨੇ ਵਿਸ਼ਵ-ਕੌਨਫਰੈਂਸ ਤੇ ਮੈਨੂੰ ਉਚੇਚਾ ਪਰਚਾ ਪੜ੍ਹਣ ਲਈ ਬੁਲਾਇਆ ਸੀ। ਜਗਿੰਦਰ ਸਿੰਘ ਪੁਆਰ ਵਾਈਸ ਚਾਂਨਸਲਰ ਸੀ ਉਦੋਂ ਉਥੋਂ ਦਾ। ਹਜ਼ਾਰਾਂ ਦਰਸ਼ਕਾਂ ਦੇ ਇੱਕਠ ਵਿੱਚ ਉਦੋਂ ਮੈਨੂੰ ਸਨਮਾਨਿਆ ਗਿਆ ਸੀ ਤੇ ਬਾਅਦ ਵਿੱਚ ਦਰਜਣਾਂ ਹੀ ਪੱਤਰਕਾਰ ਮੇਰੇ ਦੁਆਲੇ ਹੋ ਗਏ ਸਨ। ਸਭ ਨੇ ਮੇਰੀ ਇੰਟਰਵਿਊ ਲੈਂਦਿਆਂ ਮੇਰੇ ’ਤੇ ਸਵਾਲਾਂ ਦੀ ਐਸੀ ਬੁਛਾੜ ਕੀਤੀ ਸੀ ਕਿ ਇੱਕ ਵਾਰ ਤਾਂ ਮੈਂ ਘਬਰਾਅ ਹੀ ਗਿਆ ਸੀ। ਫਿਰ ਜਦੋਂ ਬਾਅਦ ਵਿੱਚ ਇੰਟਰਵਿਊਜ਼ ਛਪੀਆਂ ਤਾਂ ਉਹਨਾਂ ਨੂੰ ਪੜ੍ਹ ਕੇ ਮੈਨੂੰ ਅਤਿਅੰਤ ਖੁਸ਼ੀ ਹੋਈ। ਉਹ ਦਿਨ ਮੈਨੂੰ ਕਦੇ ਨਹੀਂ ਭੁੱਲ ਸਕਦਾ। ਜਦੋਂ ਵੀ ਇੰਡੀਆ ਜਾਵਾਂ, ਹਮੇਸ਼ਾਂ ਜਲੰਧਰ ਦੂਰਦਰਸ਼ਨ ਵਾਲੇ ਮੈਨੂੰ ਆਪਣੇ ਪ੍ਰੋਗਰਾਮਾਂ ਜਾਂ ਕਵੀ-ਦਰਬਾਰਾਂ ਵਿੱਚ ਸੱਦ ਕੇ ਸਤਿਕਾਰਦੇ ਰਹਿੰਦੇ ਹਨ। ਹੋਰ ਵੀ ਬਹੁਤ ਸਾਰੇ ਅਦਬੀ ਦੋਸਤ ਅਕਸਰ ਕੋਈ ਨਾ ਕੋਈ ਮਾਣ-ਸਨਮਾਨ ਦਿੰਦੇ ਰਹਿੰਦੇ ਹਨ।
ਬ- ਕੋਈ ਐਸੀ ਗੱਲ ਜੋ ਮੈਂ ਪੁੱਛੀ ਨਾ ਹੋਵੇ ਤੇ ਤੁਸੀਂ ਆਖਣੀ ਚਾਹੁੰਦੇ ਹੋਵੋਂ?
ਕ- ਸਾਡੇ ਪੰਜਾਬੀ ਦੇ ਤਕਰੀਬਨ ਸਾਰੇ ਸਾਹਿਤਕਾਰ ਹੀ ਗੁੱਟਬੰਧੀਆਂ ਵਿੱਚ ਫਸੇ ਹੋਏ ਹਨ। ਇਹ ਗਰੁੱਪਬਾਜ਼ੀਆਂ ਕਦੇ ਵੀ ਕਿਸੇ ਦਾ ਕੁੱਝ ਨਹੀਂ ਸਵਾਰਦੀਆਂ। ਸਾਨੂੰ ਆਪਸੀ ਈਰਖਾਵਾਂ ਨੂੰ ਤਿਆਗ ਕੇ ਇੱਕਮੁੱਠ ਹੋਣਾ ਚਾਹੀਦਾ ਹੈ ਤੇ ਆਪਣੇ ਨਿਜੀ ਸਵਾਰਥਾਂ ਨੂੰ ਛੱਡ ਕੇ ਪੰਜਾਬੀ ਸਾਹਿਤ ਦੀ ਚੜ੍ਹਦੀ ਕਲਾ ਲਈ ਰਲ-ਮਿਲ ਕੇ ਉਸਾਰੂ ਕੰਮ ਕਰਨੇ ਚਾਹੀਦੇ ਹਨ। ਇਹੀ ਮੇਰੀ ਸਭਨਾਂ ਸਾਹਿਤਕਾਰਾਂ ਨੂੰ ਬੇਨਤੀ ਹੈ।
ਬ- ਅੰਤ ਵਿੱਚ ਰਾਮਪੁਰੀ ਜੀ ਦੀ ਜ਼ਿੰਦਗੀ ਦੇ ਕਿਸੇ ਹਨੇਰੇ ਪੱਖ ’ਤੇ ਰੋਸ਼ਨੀ ਪਾਉਣ ਲਈ ਇੱਕ ਬੋਨਸ ਸਵਾਲ ਰਾਮਪੁਰੀ ਜੀ ਦੀ ਪਤਨੀ ਦੇ ਨਾਲ ਉਨ੍ਹਾਂ ਦਾ ਜਾਨਣ ਲਈ ਖਿਆਲ।
ਬ- ਜੀਵਨ ਭਰ ਦੇ ਸਾਥ ਲਈ ਇੱਕ ਸਾਹਿਤਕਾਰ ਦੇ ਲੜ੍ਹ ਲੱਗ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਰਾਮਪੁਰੀ ਜੀ ਦੀ ਧਰਮਪਤਨੀ- ਬੜਾ ਵਧੀਆ ਮਹਿਸੂਸ ਕਰਦੀ ਹਾਂ। ਬਹੁਤ ਨਾਈਸ ਫੀਲ ਹੁੰਦਾ ਹੈ। ਇਹ ਕਲਮ ਨਾਲ ਆਪਣੇ ਸਮਾਜ ਦੀ ਸੇਵਾ ਕਰ ਰਹੇ ਹਨ। ਇਸ ਗੁਣ ਸਦਕਾ ਇਹਨਾਂ ਦੀ ਵਾਕਫੀਅਤ ਬਹੁਤ ਵਧੀ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਇਹਨਾਂ ਦੇ ਸੱਜਣ-ਮਿੱਤਰ ਹਨ। ਜਦੋਂ ਲੇਖਕ ਇਹਨਾਂ ਨੂੰ ਮਿਲਣ ਆਉਂਦੇ ਹਨ ਤਾਂ ਉਨ੍ਹਾਂ ਲਈ ਚਾਹ-ਪਾਣੀ ਬਣਾਉਂਦਿਆਂ ਮੈਨੂੰ ਅਥਾਹ ਖੁਸ਼ੀ ਹੁੰਦੀ ਹੈ। ਬੜੇ ਚੰਗੇ ਨੇ ਇਹ। ਇਹਨਾਂ ਨੇ ਮੈਨੂੰ ਕਦੇ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ ਤੇ ਨਾ ਹੀ ਕਦੇ ਮੈਨੂੰ ਇਗਨੋਰ ਜਾਂ ਨਿਗਲੈਂੱਕਟ ਕੀਤਾ ਹੈ। ਸ਼ਾਇਦ ਇਸੇ ਕਰਕੇ ਮੈਂ ਵੀ ਸਾਰੀ ਉਮਰ ਇਹਨਾਂ ਨੂੰ ਹਰ ਤਰ੍ਹਾਂ ਨਾਲ ਪੂਰਾ ਸਹਿਯੋਗ ਦਿੱਤਾ ਹੈ ਤੇ ਹਮੇਸ਼ਾਂ ਲਿਖਣ ਲਈ ਉਤਸ਼ਾਹਤ ਕਰਦੀ ਰਹੀ ਹਾਂ। ਕਈ ਰਚਨਾਵਾਂ ਤਾਂ ਇਹਨਾਂ ਤੋਂ ਧੱਕੇ ਨਾਲ ਮੈਂ ਹੀ ਲਿਖਵਾਈਆਂ ਨੇ। ਜਦੋਂ ਵੀ ਇਹ ਕੁੱਝ ਲਿਖਦੇ ਹਨ। ਸਭ ਤੋਂ ਪਹਿਲਾਂ ਇਹ ਮੈਨੂੰ ਹੀ ਸੁਣਾਉਂਦੇ ਹੁੰਦੇ ਹਨ। ਮੈਂ ਵੀ ਸੁਹਿਰਦਤਾ ਨਾਲ ਰਾਏ ਦਿੰਦੀ ਹੁੰਦੀ ਹਾਂ। ਐਵੇਂ ਵਧੀਆ ਐ - ਵਧੀਆ ਐ ਦਾ ਰਾਗ ਨਹੀਂ ਅਲਾਪਦੀ। ਸੱਚ ਪੁੱਛੋ ਤਾਂ ਇਹਨਾਂ ਦੀਆਂ ਲਿਖਤਾਂ ਦੀ ਸਭ ਤੋਂ ਵੱਡੀ ਆਲੋਚਕ ਮੈਂ ਹੀ ਹਾਂ। ਇਹ ਵੀ ਮੇਰੀ ਸਲਾਹ ਨੂੰ ਗੌਰ ਨਾਲ ਸੁਣਦੇ ਹਨ ਤੇ ਜੇ ਮੇਰਾ ਮਸ਼ਵਰਾ ਇਹਨਾਂ ਨੂੰ ਭਾਅ ਜਾਵੇ ਤਾਂ ਇਹ ਆਪਣੀ ਸਿਨਫ ਵਿੱਚ ਉਸ ਅਨੁਸਾਰ ਲੋੜੀਂਦੀ ਸੋਧ ਵੀ ਕਰ ਲੈਂਦੇ ਹਨ। ਕਦੇ-ਕਦੇ ਇਹ ਮੇਰੀ ਅਡਵਾਈਸ ਨੂੰ ਰੱਦ ਵੀ ਕਰ ਦਿੰਦੇ ਹਨ। ਉਦੋਂ ਮੈਨੂੰ ਇਨ੍ਹਾਂ ’ਤੇ ਗੁੱਸਾ ਵੀ ਆਉਂਦਾ ਹੁੰਦਾ ਹੈ। ਖੈਰ। ਇੱਫ ਵੂਈ ਕੱਟ ਦਾ ਲੌਂਗ ਸਟੋਰੀ ਇੰਨ ਸ਼ੋਰਟ, ਭਾਵ ਕਿ ਸੌ ਗੱਲਾਂ ਦੀ ਇੱਕੋ ਸਿਰੇ ਦੀ ਗੱਲ ਕਿ ਮੈਂ ਇਹਨਾਂ ਦੀ ਸ਼ਰੀਕ-ਏ-ਹਿਯਾਤ ਬਣਨ ਦਾ ਮਾਣ ਅਤੇ ਫਖਰ ਮਹਿਸੂਸ ਕਰਦੀ ਹਾਂ।
****

No comments:
Post a Comment