ਸਾਬਕਾ ਡੀ.ਸੀ. ਅਤੇ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ ਨਾਲ ਬਲਰਾਜ ਸਿੱਧੂ ਦੀ ਵਿਸ਼ੇਸ਼ ਮੁਲਾਕਾਤ
ਸਟੱਡੀ ਟੇਬਲ ’ਤੇ ਪਏ, ਘੁੰਮਦੇ ਗਲੋਬ ਨੂੰ ਦੋਨੋਂ ਹੱਥਾਂ ਵਿਚ ਫੜ੍ਹ ਕੇ ਰੋਕਦਾ ਹਾਂ ਤਾਂ ਭਾਰਤ ਦੇ ਨਕਸ਼ੇ ਉੱਤੇ ਮੇਰੀ ਨਿਗਾਹ ਕੇਂਦਰਤ ਹੋ ਜਾਂਦੀ ਹੈ। ਅੱਖਾਂ ਦੇ ਕੈਮਰੇ ਨਾਲ ਥੋੜ੍ਹਾ ਕਲੋਜ਼-ਅੱਪ ਕਰਦਾ ਹਾਂ ਤਾਂ ਪੰਜਾਬ ਮੇਰੇ ਸਾਹਮਣੇ ਫੈਲ ਜਾਂਦਾ ਹੈ। ਮੇਰੇ ਮਨ ਵਿਚ ਆਉਂਦਾ ਹੈ ਕਿ ਕਾਦਰ ਨੇ ਦੁਆਬੇ ਨੂੰ ਦਿਮਾਗ ਅਤੇ ਦੌਲਤ ਦਿੱਤੀ। ਮਾਝੇ ਨੂੰ ਮਰਦਾਨਗੀ ਅਤੇ ਮਾਲਾ। ਮਾਲਵੇ ਨੂੰ ਮੌਸੀਕੀ ਅਤੇ ਮੁਨੱਵਰੀ ਦਿੱਤੀ। ਮਾਲਵੇ ਦੇ ਟਿੱਬਿਆਂ ਦੇ ਰੇਤੇ ਨੂੰ ਇਹ ਵਰ ਹੈ ਕਿ ਇਹਨਾਂ ਵਿਚ ਖੇਡਣ ਵਾਲੇ ਕਲਮਾਂ ਦੇ ਸ਼ਾਹਸਵਾਰ ਹੀ ਬਣਦੇ ਹਨ। ਇਹ ਇਕ ਚਿੱਟੇ ਦਿਨ ਵਰਗੀ ਸਚਾਈ ਹੈ ਕਿ ਪੰਜਾਬੀ ਵਿਚ ਸਭ ਤੋਂ ਵੱਧ ਅਤੇ ਵੱਡੇ ਸਾਹਿਤਕਾਰ ਮਾਲਵਾ ਖਿੱਤੇ ਨੇ ਪੈਦਾ ਕੀਤੇ ਹਨ। ਉਨ੍ਹਾਂ ਕਲਮੀ ਯੋਧਿਆਂ ਦੀ ਫਰਿਸ਼ਤ ਵਿਚੋਂ ਇਕ ਨਾਮ ਆਉਂਦਾ ਹੈ ਕੁਲਬੀਰ ਸਿੰਘ ਸਿੱਧੂ।ਪੰਜਾਬੀ ਸਾਹਿਤ ਨੂੰ ਹੁਣ ਤੱਕ ਉਹ ਪੰਜ ਗਿਆਨਵਰਧਕ ਪੁਸਤਕਾਂ ਨਾਲ ਨਿਵਾਜ਼ ਚੁੱਕੇ ਹਨ। ਬਠਿੰਡੇ ਦੇ ਖੜਕ ਸਿੰਘ ਵਾਲਾ ਦੇ ਜੰਮਪਲ ਕੁਲਬੀਰ ਸਿੱਧੂ ਨੇ ਮੁਢਲੀ ਪੜ੍ਹਾਈ ਦੇਸ਼ ਸਮਾਜ ਸਕੂਲ, ਮੋਗਾ ਤੋਂ ਕੀਤੀ ਤੇ ਐਮ ਡੀ ਕਾਲਜ ਮੋਗਾ ਤੋਂ ਬੀ ਏ ਕਰਨ ਉਪਰੰਤ ਅੰਗਰੇਜ਼ੀ ਸਾਹਿਤ ਅਤੇ ਇਤਿਹਾਸ ਦੀ ਡਬਲ ਐਮ ਏ ਕੀਤੀ। ਨੈਸ਼ਨਲ ਕਾਲਜ ਸਿਰਸਾ ਵਿਖੇ ਪ੍ਰੋਫੈਸਰੀ ਕਰਦਿਆਂ
ਸਿਵਲ ਸਰਵਿਸਿਜ਼ ਦੇ ਇਮਤਿਹਾਨ ਪਾਸ ਕਰਕੇ ਮੈਜੀਸਟਰੇਟ ਦੀ ਭੂਮੀਕਾ ਨਿਭਾਉਣ ਪਸ਼ਚਾਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਬਤੌਰ ਡੀ. ਸੀ. ਅਤੇ ਕਮਿਸ਼ਨਰ ਸੇਵਾਵਾਂ ਨਿਭਾਈਆਂ।ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ, ਬਾਬਾ ਬਕਾਲਾ, ਰੂਪਨਗਰ, ਗੁਰਦਾਸਪੁਰ ਅਤੇ ਲੁਧਿਆਣਾ, ਜਿਥੇ ਵੀ ਸ੍ਰ: ਸਿੱਧੂ ਗਏ ਆਪਣੀਆਂ ਅਮਿਟ ਪੈੜਾਂ ਛੱਡ ਕੇ ਆਏ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸਿੱਖ ਵਿਰਾਸਤ, ਇਤਿਹਾਸ ਅਤੇ ਸਮਾਰਕਾਂ ਦੀ ਸੰਭਾਲ ਲਈ ਅਨੇਕਾਂ ਹੰਭਲੇ ਮਾਰੇ। ਤਲਵੰਡੀ ਸਾਬੋ ਤੋਂ 2006 ਵਿਚ ਸੇਵਾ ਮੁਕਤ ਹੋਣ ਉਪਰੰਤ ਅੱਜਕੱਲ੍ਹ ਉਹ ਕੁਲਵਕਤੀ ਲੇਖਕ ਹਨ ਅਤੇ ਧਰਮ, ਸਭਿਆਚਰ ਅਤੇ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਹਨ। ਬੀਤੇ ਦਿਨੀਂ ਉਹ 20 ਕੁ ਦਿਨ ਲਈ ਬ੍ਰਤਾਨਵੀ ਫੇਰੀ ’ਤੇ ਆਏ ਤਾਂ ਨਿੱਜੀ ਤੌਰ ’ਤੇ ਉਹਨਾਂ ਨੂੰ ਜਾਣਦਾ ਹੋਣ ਕਰਕੇ ਮੇਰੇ ਸ਼ਹਿਰ ਬ੍ਰਮਿੰਘਮ ਅਤੇ ਕਵੈਂਟਰੀ ਕੁਲਬੀਰ ਬਰਾੜ (ਬਾਰਾਂ ਸਾਲ ਪਹਿਲਾਂ ਮੇਰਾ ਪਾਠਕ ਤੋਂ ਦੋਸਤ ਬਣਿਆ ਤੇ ਕੁਲਬੀਰ ਸਿੱਧੂ ਦਾ ਰਿਸ਼ਤੇ ਵਿਚ ਸਾਢੂ ) ਦੇ ਘਰ ਕਵੈਂਟਰੀ ਅਨੇਕਾਂ ਮਿਲਣੀਆਂ ਹੋਈਆਂ। ਹਰ ਮਿਲਣੀ ਵਿਚ ਨਿੱਜੀ ਗੁਫਤਗੂ ਦੀ ਬਜਾਏ ਸੰਜ਼ੀਦਗੀ ਨਾਲ ਸਾਹਿਤ, ਸਿੱਖੀ ਅਤੇ ਇਤਿਹਾਸ ਬਾਰੇ ਵਿਚਾਰ ਵਟਾਦਰੇ ਹੁੰਦੇ ਰਹੇ।ਜਿਨ੍ਹਾਂ ਵਿਚੋਂ ਬਹੁਤ ਹੀ ਚੋਣਵੇਂ, ਉਨ੍ਹਾਂ ਦੀ ਸ਼ਖਸੀਅਤ ਨੂੰ ਉਜਾਗਰ ਕਰਦੇ ਅੰਸ਼ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਕਰ ਰਹੇ ਹਾਂ:-? ਡੀ. ਸੀ. ਦੀ ਕੁਰਸੀ ਉੱਤੇ ਬੈਠਣ ਦਾ ਅਨੁਭਵ ਕਿਹੋ ਜਿਹਾ ਸੀ?
-ਨਿਰਸੰਦੇਹ ਅਨੁਭਵ ਤਾਂ ਵਿਸਮਾਦਮਈ ਸੀ।ਪੰਜਾਬੀਆਂ ਨੂੰ ਜੇ ਕੋਈ ਰੋਹਬ ਮਾਰੇ ਤਾਂ ਕਹਿੰਦੇ ਹੁੰਦੇ ਨੇ, ‘ਸਾਲਿਆ ਡੀ. ਸੀ. ਲੱਗਿਐਂ?’ ਜ਼ਾਹਿਰ ਹੈ ਜਦੋਂ ਬੰਦਾ ਸੱਚਮੁੱਚ ਦਾ ਡੀ. ਸੀ. ਲੱਗਾ ਹੋਵੇ ਤਾਂ ਉਸਨੂੰ ਪ੍ਰਸੰਨਤਾ ਤਾਂ ਜ਼ਰੂਰ ਹੋਵੇਗੀ।ਲੇਕਿਨ ਮੈਂ ਆਪਣੇ ਆਹੁਦੇ ਅਤੇ ਕੁਰਸੀ ਦਾ ਹੰਕਾਰ ਕਦੇ ਨਹੀਂ ਕੀਤਾ। ਇਕ ਵਾਰ ਮੈਂ ਰੋਪੜ ਆਪਣੇ ਦਫਤਰ ਵਿਚ ਬੈਠਾ ਸੀ। ਮੈਨੂੰ ਮੇਰੇ ਫਾਦਰ ਸ੍ਰ: ਅਜਮੇਰ ਸਿੰਘ ਸਿੱਧੂ ਮਿਲਣ ਆਏ। ਉਨ੍ਹਾਂ ਨੂੰ ਦੇਖਕੇ ਮੈਂ ਖੜ੍ਹਾ ਹੋ ਗਿਆ।ਉਹ ਮੈਨੂੰ ਕਹਿੰਦੇ, “ਬੇਟਾ ਬੈਠ। ਮੈਂ ਆਪਣੇ ਪੁੱਤ ਨੂੰ ਡੀ. ਸੀ. ਦੀ ਕੁਰਸੀ ਉੱਤੇ ਬੈਠਾਂ ਦੇਖਣਾ ਚਾਹੁੰਦਾ ਹਾਂ।” ਮੈਂ ਕਿਹਾ, “ਪਾਪਾ ਅਜਿਹਾ ਨਹੀਂ ਹੋ ਸਕਦਾ। ਮੈਂ ਡੀ. ਸੀ. ਦੀ ਕੁਰਸੀ ਉੱਤੇ ਬੈਠਾਂ ਤੇ ਤੁਸੀਂ ਮੇਰੇ ਸਾਹਮਣੇ ਸਧਾਰਨ ਕੁਰਸੀ ਉੱਤੇ ਬੈਠੋਂ? ਜਿੰਨੀ ਦੇਰ ਸਾਡੀ ਗੱਲਬਾਤ ਹੋਈ ਮੈਂ ਖੜ੍ਹਾ ਰਿਹਾ।” ਉਨ੍ਹਾਂ ਦੇ ਜਾਣ ਬਾਅਦ ਮੈਂ ਆਪਣੇ ਪੀ. ਏ. ਨੂੰ ਬੁਲਾਇਆ ਤੇ ਕਿਹਾ ਕਿ ਅਗਲੀ ਵਾਰ ਜਦੋਂ ਪਾਪਾ ਆਉਣ ਤਾਂ ਮੈਨੂੰ ਨਾ ਦੱਸੀਂ ਤੇ ਔਹ ਸਾਹਮਣੇ ਵਾਲੀ ਬਾਰੀ ਖੋਲ੍ਹ ਕੇ ਪਾਪਾ ਨੂੰ ਮੈਂ ਕੁਰਸੀ ਉੱਤੇ ਬੈਠਾ ਦੂਰੋਂ ਦਿਖਾ ਦੇਈਂ।
?ਪੰਜਾਬੀ ਦੀ ਇਕ ਬੋਲੀ ਹੈ, “ਕੈਦ ਕਰਾਦੂੰਗੀ, ਮੈਂ ਡਿਪਟੀ ਦੀ ਸਾਲੀ।” ਇਸ ਵਿਚੋਂ ਸਾਡੀ ਮਾਨਸਿਕਤਾ ਸਾਫ ਝਲਕਦੀ ਹੈ ਕਿ ਅਸੀਂ ਸਿਫਾਰਸ਼ਾਂ ਨਾਲ ਕੰਮ ਕਰਵਾਉਣ ਅਤੇ ਰੁਤਬੇਦਾਰ ਸੱਜਣਾਂ ਦਾ ਲਾਹਾ ਲੈਣ ਵਿਚ ਗੁਰੇਜ਼ ਨਹੀਂ ਕਰਦੇ। ਆਪਣੇ ਕਾਰਜ਼ਕਾਲ ਦੌਰਾਨ ਇਸ ਪ੍ਰਤਿ ਤੁਹਾਡਾ ਕੀ ਨਜ਼ਰੀਆ ਰਿਹਾ ਹੈ?
-ਬਲਰਾਜ ਬੇਟਾ, ਸਭ ਤੋਂ ਵੱਡੀ ਸਿਫਾਰਸ਼ ਘਰਵਾਲੀ ਦੀ ਹੁੰਦੀ ਹੈ। ਘਰੇ ਗਿਆਂ ਨੂੰ ਜਨਾਨੀਆਂ ਨੇ ਤਾਂ ਮਿਹਣਾਂ ਹੀ ਮਾਰਨਾ ਹੁੰਦਾ ਹੈ ਕਿ ਵੱਡੇ ਡੀ. ਸੀ. ਬਣੇ ਫਿਰਦੇ ਓ, ਤੁਹਾਡੇ ਤੋਂ ਨਿੱਕਾ ਜਿਹਾ ਕੰਮ ਨਹੀਂ ਹੋਇਆ। ਉਸ ਤੋਂ ਮਗਰੋਂ ਸਾਲੇ ਦੀ ਸਿਫਾਰਸ਼ ਆ ਜਾਂਦੀ ਹੈ। ਜਿਵੇਂ ਕਹਿੰਦੇ ਹੁੰਦੇ ਨੇ, ‘ਸਾਰੀ ਖੁਦਾਈ ਏਕ ਤਰਫ, ਜ਼ੋਰੂ ਕਾ ਭਾਈ ਏਕ ਤਰਫ।’ ਤੇ ਤੀਜੀ ਸਿਫਾਰਸ਼ ਸੀ. ਐਮ. ਸ਼ਾਹਿਬ ਦੀ ਹੁੰਦੀ ਹੈ।ਮੇਰੇ ਵਿਚ ਜੱਟਵਾਦ ਆ ਜਾਂਦਾ ਸੀ ਤੇ ਮੈਂ ਇਹਨਾਂ ਤਿੰਨਾਂ ਦੀ ਸਿਫਾਰਸ਼ ਕਦੇ ਨਹੀਂ ਸੀ ਮੰਨੀ। ਇਸ ਤੋਂ ਪਰੇ ਹੋਰ ਕੀ ਹੋ ਸਕਦਾ ਹੈ? ਮੇਰੇ ਕਾਰਜਕਾਲ ਦੌਰਾਨ ਸਹੀ ਕੰਮ ਕਿਸੇ ਦਾ ਰੁਕਿਆ ਨਹੀਂ ਤੇ ਗਲਤ ਮੈਂ ਕਿਸੇ ਦਾ ਹੋਣ ਨਹੀਂ ਦਿੱਤਾ।
?ਉਰਦੂ ਦੀ ਇਕ ਕਹਾਵਤ ਹੈ ਕਿ ਬੰਦੇ ਦੀ ਪਹਿਚਾਣ ਉਸਦੀ ‘ਰਫਤਾਰ, ਗੁਫਤਾਰ ਔਰ ਦਸਤਾਰ’ ਤੋਂ ਕੀਤੀ ਜਾਂਦੀ ਹੈ। ਤੁਸੀਂ ਇਹਨਾਂ ਤਿੰਨਾਂ ਦਾ ਬਾਖੂਬੀ ਨਾਲ ਪ੍ਰਮਾਣ ਦਿੱਤਾ ਹੈ। ਤੁਹਾਡੀ ਗੁਫਤਗੂ ਵਿਚੋਂ ਸਲੀਕਾ, ਸੁਲਝਿਆਪਨ ਅਤੇ ਮਿਠਾਸ ਡੁੱਲ-ਡੁੱਲ ਪੈਂਦੀ ਹੈ।ਤੁਹਾਡੇ ਮਹਿਕਮੇ ਵਾਲਿਆਂ ਬਾਰੇ ਤਾਂ ਸਾਡੇ ਗੀਤਾਂ ਵਿਚ ਵੀ ਵਰਣਨ ਆਉਂਦਾ ਹੈ ਕਿ ਪੁੱਤ ਮੇਰੇ ਸਾਉਰੇ ਦਾ ਗਾਲ੍ਹ ਬਿਨਾ ਨਾ ਬੋਲੇ?
-ਇਹ ਸਭ ਤੁਹਾਡੇ ਸੰਸਕਾਰਾਂ ਉੱਤੇ ਨਿਰਭਰ ਕਰਦਾ ਹੈ।ਮੈਂ ਖੁਦ ਪੜ੍ਹਿਆ ਲਿਖਿਆ ਹਾਂ। ਅੰਗਰੇਜ਼ੀ ਸਾਹਿਤ ਅਤੇ ਇਤਿਹਾਸ ਦੀ ਡਬਲ ਐਮ. ਏ. ਹਾਂ।ਮਾਲਵੇ ਦੇ ਉਸ ਪੱਛੜੇ ਹੋਏ ਖਿੱਤੇ ਵਿਚੋਂ ਉਠਿਆ, ਜਿਥੇ ਆਲੂਆਂ ਦੀ ਸਬਜ਼ੀ ਨੂੰ ਆਲੂਆਂ ਦੀ ਦਾਲ ਕਿਹਾ ਜਾਂਦਾ ਸੀ ਤੇ ਪੀ. ਸੀ. ਐਸ. ਅਤੇ ਆਈ. ਏ. ਐਸ. ਦੇ ਰੁਤਬਿਆਂ ਤੱਕ ਪਹੁੰਚਿਆ।ਮੇਰੇ ਦਾਦਾ ਜੀ ਨੇ 1907 ਵਿਚ ਲਾਹੌਰ ਤੋਂ ਗਣਿਤ ਦੀ ਬੀ. ਏ. ਕੀਤੀ। ਪਿਤਾ 1930 ਦੇ ਗ੍ਰੈਜੂਏਟ। ਦੋਨੋਂ ਅਧਿਆਪਨ ਦੇ ਕਿੱਤੇ ਵਿਚ। ਮਾਂ ਉਸ ਵੇਲੇ ਨੌ ਜਮਾਤਾਂ ਪੜ੍ਹੀ, ਜਦੋਂ ਕੋਈ ਕੁੜੀਆਂ ਨੂੰ ਪੜ੍ਹਾਉਂਦਾ ਨਹੀਂ ਸੀ।ਇਕ ਪੜ੍ਹੇ ਲਿਖੇ ਪਰਿਵਾਰਕ ਪਿਛੋਕੜ ਸਦਕਾ ਮੈਂ ਹਮੇਸ਼ਾਂ ਗਾਲੀ-ਗਲੋਚ ਤੋਂ ਗੁਰੇਜ਼ ਕੀਤਾ ਹੈ।ਪਿਆਰ ਨਾਲ ਅਗਲੇ ਨੂੰ ਬਿਠਾ ਕੇ ਗੱਲ ਸਮਝਾ ਦੇਈਦੀ ਸੀ ਤੇ ਕਹੀਦਾ ਸੀ, ਇਕ ਵਾਰ ਕਹਿਣੈ ਸਮਝ ਜਾਵੀਂ। ਨਹੀਂ ਸਮਝਾਉਣਾ ਆਉਂਦਾ ਹੈ।ਬਹੁਤੀ ਵਾਰ ਤਾਂ ਅਗਲਾ ਆਖੇ ਲੱਗ ਜਾਂਦਾ ਹੁੰਦਾ ਸੀ।ਕਈ ਮਰਤਬਾ ਕੁਝ ਐਸੇ ਲੋਕ ਵੀ ਮਿਲ ਜਾਂਦੇ ਹਨ ਜਿਨ੍ਹਾਂ ਉੱਤੇ ਸਹੀ ਢੁਕਦਾ ਹੁੰਦਾ ਹੈ ਕਿ ‘ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ।’ ਫੇਰ ਉਨ੍ਹਾਂ ਦੀ ਢੂਹੀ ’ਤੇ ਖਾਜ ਕਰਨ ਲਈ ਬਠਿੰਡੇ ਵਾਲੇ ਜੱਟ ਨੂੰ ਜਾਗਣ ਲੱਗਿਆਂ ਬਹੁਤੀ ਦੇਰ ਨਹੀਂ ਸੀ ਲੱਗਦੀ ਹੁੰਦੀ।ਗਲਮੇ ਵਿਚ ਹੱਥ ਪਾ ਕੇ ਐਸੀ ਗਾਲ੍ਹ ਵਰਾਉਣੀ ਕਿ ਲੋਕ ਮੈਨੂੰ ਗਾਲ੍ਹਾਂ ਵਾਲਾ ਡੀ. ਸੀ. ਕਹਿਣ ਲੱਗ ਪਏ।ਅਜਿਹੇ ਲੋਕਾਂ ਵਿਚ ਅਜਿਹਾ ਸਹਿਮ ਬਣ ਗਿਆ ਕਿ ਉਹ ਕਹਿੰਦੇ ਡੀ. ਸੀ. ਸਿੱਧੂ ਨੂੰ ਗਾਲ੍ਹ ਕੱਢਣ ਦਾ ਮੌਕਾ ਨਾ ਦਿਉ।
?ਪ੍ਰਸ਼ਾਸਨਿਕ ਨੌਕਰੀ ਦੀ ਮਸਰੂਫੀਅਤ ਦੇ ਹੁੰਦਿਆਂ ਪਰਿਵਾਰਕ ਜ਼ਿੰਦਗੀ ਦਾ ਸੰਤੁਲਨ ਕਿਵੇਂ ਬਰਕਰਾਰ ਰੱਖਿਆ?
-ਇਸ ਮਾਮਲੇ ਵਿਚ ਮੈਂ ਖੁਸ਼ਕਿਸਮਤ ਹਾਂ ਕਿ ਮੇਰੀ ਧਰਮਪਤਨੀ ਸੁਖਜੀਤ ਅਤੇ ਦੋਨੋਂ ਬੇਟੇ ਦਮਨਬੀਰ ਸਿੱਧੂ ਅਤੇ ਅਮਨਬੀਰ ਸਿੱਧੂ ਬਹੁਤ ਸਮਝਦਾਰ ਹਨ। ਉਨ੍ਹਾਂ ਨੇ ਕਦੇ ਮੈਨੂੰ ਕੋਈ ਦਿਕਤ ਪੇਸ਼ ਨਹੀਂ ਆਉਣ ਦਿੱਤੀ ਅਤੇ ਨਾ ਹੀ ਕਦੇ ਕੋਈ ਗਿਲਾ ਕੀਤਾ ਹੈ।ਖਾਸਕਰ 300 ਸਾਲਾ ਖਾਲਸਾ ਸਿਰਜਣਾ ਦੇ ਅਨੰਦਪੁਰ ਸਾਹਿਬ ਮਨਾਏ ਜਾਣ ਵਾਲੇ ਸਮਾਗਮ ਦੇ ਪ੍ਰਬੰਧਾਂ ਦੀ ਗੁਰੂ ਮਹਾਰਾਜ ਨੇ ਮੈਨੂੰ ਸੇਵਾ ਲਾਈ ਤਾਂ ਮੇਰੇ ਪਰਿਵਾਰ ਨੇ ਮੈਨੂੰ ਘਰੇਲੂ ਜ਼ਿੰਮੇਵਾਰੀਆਂ ਅਤੇ ਫਿਕਰਾਂ ਤੋਂ ਬਿਲਕੁਲ ਸੁਰਖਰੂ ਰੱਖਿਆ।ਇਸ ਸੇਵਾ ਨੂੰ ਮੈਂ ਇਸ ਕਦਰ ਸਮਰਪਿਤ ਹੋ ਗਿਆ ਕਿ ਜਦੋਂ ਕਦੇ ਮੌਕਾ ਮਿਲੇ ’ਤੇ ਘਰ ਆਉਣਾ ਤੇ ਮੈਨੂੰ ਕਿਸੇ ਨੇ ਪੁੱਛਣਾ ਬੱਚੇ ਕਿਹੜੀ ਕਲਾਸ ਵਿਚ ਪੜ੍ਹਦੇ ਹਨ? ਮੈਂ ਕਹਿਣਾ ਵੱਡਾ ਦਸਵੀਂ ਅਤੇ ਛੋਟਾ ਨੌਵੀਂ ਵਿਚ। ਅਸਲ ਵਿਚ ਵੱਡਾ ਬਾਰਵੀਂ ਅਤੇ ਛੋਟਾ ਦਸਵੀਂ ਵਿਚ ਸਨ। ਅਗਲੇ ਦੇ ਜਾਣ ਬਾਅਦ ਬੱਚਿਆਂ ਨੇ ਮੈਨੂੰ ਕਹਿਣਾ, “ਪਾਪਾ ਜੇ ਆਨੰਦਪੁਰ ਸਾਹਿਬ ਤੁਸੀਂ ਸਾਲ ਕੁ ਹੋਰ ਸੇਵਾ ਕਰਦੇ ਰਹੇ ਤਾਂ ਸਾਡੀ ਇਕ ਇਕ ਜਮਾਤ ਹੋਰ ਘੱਟ ਹੋ ਜਾਵੇਗੀ।”
?ਤੁਸੀਂ ਅਪਣੇ ਕਿਤਾਬਚੇ ‘ਇਤਿਹਾਸ ਪੁੱਛਦਾ ਹੈ’ ਦੇ ਪੰਨਾ ਨੰਬਰ 36 ਉੱਤੇ ਇਕ ਤੁਕ ਦਰਜ਼ ਕਰਦੇ ਹੋ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਵਿਚ ਲਿਖੀ ਗਈ ਹੈ।ਤੁਸੀਂ ਉਸ ਤੁਕ ਨੂੰ ਬਾਬਾ ਬੁੱਲ੍ਹੇ ਸ਼ਾਹ ਦੁਆਰਾ ਉਚਾਰੀ ਬਿਆਨਿਆ ਹੈ, ਜਦ ਕਿ ਉਹ ਤੁਕ ਲਾਲਾ ਦੌਲਤ ਰਾਏ ਵੱਲੋਂ ਉਚਾਰੀ ਗਈ ਹੈ ਤੇ ਸਾਹਬ-ਏ-ਕਮਾਲ ਵਿਚ ਅੰਕਿਤ ਹੈ।ਠਹੲਰੲ ਾੳਸ ੳ ਮੳਸਸਵਿੲ ਗੳਪ ਬੲਟਾੲੲਨ ਘੁਰੁ ਘੋਬਨਿਦ ਸ਼ਨਿਗਹ ਜ ਿੳਨਦ ਭੳਬੳ ਭੁਲਲੲ ਸ਼ਹੳਹ. ਇਸ ਬਾਰੇ ਤੁਹਾਡਾ ਕੀ ਸਪਸ਼ਟੀਕਰਨ ਹੈ?
-ਦਰਅਸਲ ਇਹ ਕੋਈ ਅਣਜਾਣੇ ਵਿਚ ਹੋਈ ਗਲਤੀ ਨਹੀਂ ਹੈ। ਉਹ ਮੈਂ ਸੁਚੇਤ ਹੋ ਕੇ ਲਿਖਿਆ ਹੈ।ਸਾਹਿਬੇ ਕਮਾਲ ਵਿਚ ਲਾਲਾ ਦੌਲਤ ਰਾਏ ਨੇ ਬਾਬਾ ਬੁੱਲ੍ਹੇ ਸ਼ਾਹ ਦੀ ਇਕ ਕਾਫੀ ਵਿਚੋਂ ਉਹ ਸਤਰ ਥੁੋਟੲ ਕੀਤੀ ਸੀ।ਜਿਸ ਬਾਰੇ ਬਹੁਤੇ ਲਿਖਾਰੀ ਅਤੇ ਵਿਦਵਾਨ ਨਹੀਂ ਜਾਣਦੇ। ਸਭ ਇਹੀ ਸਮਝਦੇ ਹਨ ਕਿ ਉਹ ਤੁਕ ਲਾਲਾ ਦੌਲਤ ਰਾਏ ਦੀ ਹੈ, ਕਿਉਂਕਿ ਬਾਬਾ ਬੁੱਲ੍ਹੇ ਸ਼ਾਹ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿਚ ਰਚੀ ਉਹ ਕਾਫੀ ਬਹੁਤ ਘੱਟ ਉਪਲਬਧ ਹੈ।ਮੈਂ ਸੌ ਪ੍ਰਤਿਸ਼ਤ ਦਾਵੇ ਨਾਲ ਆਖ ਸਕਦਾ ਹਾਂ ਕਿ ਉਹ ਤੁਕ ਬਾਬਾ ਬੁੱਲ੍ਹੇ ਸ਼ਾਹ ਦੀ ਹੈ। ਮੇਰੇ ਕੋਲ ਇਸਦੇ ਪੁਖਤਾ ਸਬੂਤ ਹਨ।
? ਜਿਸ ਮਹਿਕਮੇ ਵਿਚ ਤੁਸੀਂ ਨੌਕਰੀ ਕੀਤੀ ਹੈ, ਉਸ ਮਹਿਕਮੇ ਦਾ ਸਾਹਿਤ ਨਾਲ ਕੋਈ ਸਰੋਕਾਰ ਨਹੀਂ ਹੁੰਦਾ।ਤੁਸੀਂ ਮਹਿਜ਼ ਸਾਹਿਤ ਹੀ ਨਹੀਂ ਬਲਕਿ ਸਿੱਖ ਸਾਇਕੀ ਅਤੇ ਇਤਿਹਾਸਕ ਸਾਹਿਤ ਨੂੰ ਹੱਥ ਪਾਇਆ ਹੈ। ਇਸ ਪਿਛੇ ਕਿਸਦੀ ਪ੍ਰੇਰਣਾ ਸੀ?
-ਮੈਂ ਕਦੇ ਤਸੱਵਰ ਵੀ ਨਹੀਂ ਸੀ ਕੀਤਾ ਕਿ ਮੈਂ ਕਦੇ ਕਿਤਾਬਾਂ ਲਿਖਾਂਗਾ। ਮੈਂ ਤਾਂ ਚਿੱਠੀ ਲਿਖਣ ਲੱਗਾ ਵੀ ਘਬਰਾ ਜਾਂਦਾ ਹੁੰਦਾ ਸੀ।ਮੇਰੇ ਮੁਜਬ ਰਚਨਾਤਮਿਕ ਅੰਕੁਰ ਜੋ ਤੁਹਾਡੇ ਅੰਦਰ ਹੁੰਦਾ ਹੈ। ਉਹ ਸਹੀ ਸਮਾਂ ਆਉਣ ਉੱਤੇ ਹੀ ਪੁੰਗਰਦਾ ਹੈ।ਇਹੀ ਕਾਰਨ ਹੈ ਕਿ ਮੈਂ ਬਹੁਤ ਵੱਡੀ ਉਮਰ ਵਿਚ ਜਾ ਕੇ ਲਿਖਣਾ ਸ਼ੁਰੂ ਕੀਤਾ ਹੈ। ਸਰਕਾਰ ਨੇ ਜਦੋਂ ਮੈਨੂੰ ਰੋਪੜ ਨਿਯੁਕਤ ਕੀਤਾ ਤਾਂ ਉਥੇ ਜਾ ਕੇ ਮੈਨੂੰ ਅਜੀਬ ਜਿਹਾ ਅਨੁਭਵ ਹੋਇਆ।ਉਥੋਂ ਦੀ ਪਾਵਨ ਧਰਤੀ ਨੇ ਮੇਰੇ ਅੰਦਰਲੇ ਲੇਖਕ ਨੂੰ ਟੁੰਬਿਆ।ਮੈਨੂੰ ਇਉਂ ਮਹਿਸੂਸ ਹੋਇਆ ਕਿ ਮੇਰੀ ਹਸਤੀ ਨੂੰ ਕੋਈ ਹਲੂਣ ਕੇ ਮੈਨੂੰ ਲਿਖਣ ਦੀ ਪ੍ਰੇਰਣਾ ਦੇ ਰਿਹਾ ਹੈ। ਖਾਲਸਾ ਸਿਰਜਨਾ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਅਖਬਾਰਾਂ ਨੂੰ ਜਾਣਕਾਰੀ ਵਾਲੇ ਲੇਖ ਲਿਖ ਕੇ ਭੇਜਦਿਆਂ ਮੇਰੇ ਅੰਦਰਲਾ ਲੇਖਕ ਜਾਗ ਪਿਆ।ਵੈਸੇ ਮੇਰੇ ਅੰਦਰ ਸਾਹਿਤਕਾਰ ਪੈਦਾ ਕਰਨ ਵਿਚ ਮੇਰੇ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਹੈ।ਸਾਹਿਤਕ ਰੂਚੀਆਂ ਹੋਣ ਕਰਕੇ ਪੰਜਾਬੀ ਦੇ ਅਨੇਕਾਂ ਸਾਹਿਤਕਾਰ ਉਨ੍ਹਾਂ ਨੇ ਪੜ੍ਹੇ ਹੀ ਨਹੀਂ ਬਲਕਿ ਮੂੰਹ ਜ਼ੁਬਾਨੀ ਯਾਦ ਸਨ।ਸੈਂਕੜੇ ਅਖਾਣਾ ਮੁਹਾਵਰੇ ਉਨ੍ਹਾਂ ਦੇ ਅਚੇਤ ਵਿਚ ਟਿਕੇ ਹੋਏ ਸਨ, ਜਿਨ੍ਹਾਂ ਨੂੰ ਆਮ ਗੱਲਬਾਤ ਦੌਰਾਨ ਜੜਨ ਦੀ ਉਹ ਮੁਹਾਰਤ ਰੱਖਦੇ ਸਨ।
? ਸਰਹੰਦ ਫਤਿਹ ਦੀ ਤ੍ਰੈਸ਼ਤਾਬਦੀ ਨੂੰ ਸਮਰਪਿਤ ਤੁਹਾਡੀ ਪੁਸਤਕ ‘ਮਹਾਨ ਗੁਰੂ ਦਾ ਮਹਾਨ ਬੰਦਾ- ਬੰਦਾ ਸਿੰਘ ਬਹਾਦਰ’ ਦੇ ਸਫਾ 74-76 ਉੱਤੇ ਤੁਸੀਂ ਬੰਦਾ ਸਿੰਘ ਬਹਾਦਰ ਦੀ ਉਸਤਤ ਵਿਚ ਲ਼ਿਖੀ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ ਬੰਗਾਲੀ ਕਵਿਤਾ ‘ਬੰਦੀ ਵੀਰ’ ਦਾ ਐਸ ਸੀ ਦੱਤ ਦੁਆਰਾ ਕੀਤਾ ਅੰਗਰੇਜ਼ੀ ਅਨੁਵਾਦ ਸਮਿਲਤ ਕੀਤਾ ਹੈ। ਇਹ ਕਵਿਤਾ ਨਾ ਤਾਂ ਟੈਗੋਰ ਦੇ ਸੰਪੂਰਨ ਸੰਗ੍ਰਹਿ ਵਿਚ ਹੈ ਤੇ ਨਾ ਹੀ ਉਸਦੀ ਕਿਸੇ ਪੁਸਤਕ ਵਿਚ ਸ਼ਾਮਿਲ ਹੈ। ਤੁਹਾਨੂੰ ਕਿਥੋਂ ਪ੍ਰਾਪਤ ਹੋਈ?
-ਇਹ ਭੇਤ ਦੀਆਂ ਗੱਲਾਂ ਨੇ। ਸਮੁੰਦਰ ਦੀ ਉਪਰਲੀ ਸਤਹਾ ਤੋਂ ਤਾਂ ਘੋਗੇ-ਸਿੱਪੀਆਂ ਹੀ ਮਿਲਦੇ ਹਨ। ਕੀਮਤੀ ਹੀਰੇ ਲਾਲ ਲੱਭਣ ਲਈ ਸਮੁੰਦਰ ਦੇ ਤਲ ਤੱਕ ਗੋਤੇ ਮਾਰਨੇ ਪੈਂਦੇ ਹਨ।
?ਡੀ. ਸੀ. ਜਿਲ੍ਹੇ ਦਾ ਮੁੱਖੀ ਹੁੰਦਾ ਹੈ ਤੇ ਤੁਸੀਂ ਪੰਜਾਬ ਦੇ ਕਈ ਜਿਲ੍ਹਿਆਂ ਵਿਚ ਬਤੌਰ ਕਮਿਸ਼ਨਰ ਅਤੇ ਡੀ. ਸੀ. ਰਹੇ ਹੋ।ਕਿਹੜੇ ਜ਼ਿਲ੍ਹੇ ਵਿਚ ਨੌਕਰੀ ਕਰਕੇ ਤੁਹਾਨੂੰ ਵਧੇਰੇ ਖੁਸ਼ੀ ਜਾਂ ਸੰਤੁਸ਼ਟੀ ਮਿਲੀ ਤੇ ਕਿਉਂ?
-ਪੰਜਾਬੀ ਵਿਚ ਆਖਦੇ ਹੁੰਦੇ ਹਨ, ਨੌਕਰੀ ਕੀ ਤੇ ਨਖਰਾ ਕੀ? ਮੈਂ ਜਿਥੇ ਵੀ ਰਿਹਾ ਹਾਂ, ਉਥੇ ਹੀ ਸੁਹਿਰਦਤਾ ਨਾਲ ਨੌਕਰੀ ਕਰੀ ਹੈ। ਮੈਂ ਆਪਣੇ ਆਪਨੂੰ ਪਬਲਿਕ ਸਰਵੈਂਟ ਸਮਝਿਆ ਹੈ ਨਾ ਕਿ ਪਬਲਿਕ ਨੂੰ ਆਪਣਾ ਸਰਵੈਂਟ। ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਨੇ ਫਾਂਸੀ ਲੱਗਣ ਤੋਂ ਕੁਝ ਦਿਨ ਪਹਿਲਾਂ 9 ਮਾਰਚ ਨੂੰ ਜੈ ਦੇਵ ਨੂੰ ਇਕ ਚਿੱਠੀ ਲਿਖੀ ਸੀ ਜਿਸਦੀ ਇਬਰਾਤ ਕੁਝ ਇਸ ਤਰ੍ਹਾਂ ਸੀ, “ਮੈਨੂੰ ਕੋਈ ਸ਼ੰਕਾ ਨਹੀਂ ਕਿ ਭਾਰਤ ਅਜ਼ਾਦ ਹੋ ਜਾਵੇਗਾ। ਪਰ ਮੈਨੂੰ ਖਦਸ਼ਾ ਹੈ ਕਿ ਗੋਰੇ ਸਾਹਿਬਾਂ ਦੀ ਜਗ੍ਹਾ ਭੂਰੇ ਸਾਹਿਬ ਆ ਜਾਣਗੇ।” ਮੈਂ ਆਪਣੇ ਆਪ ਨੂੰ ਭੂਰਾ ਸਾਹਿਬ ਨਹੀਂ ਬਣਨ ਦਿੱਤਾ।
ਰੋਪੜ ਜਾ ਕੇ ਮੈਨੂੰ ਅਤਿਅੰਤ ਮੁਸ਼ੱਰਤ ਹੋਈ। ਉੱਥੇ ਜਦੋਂ ਮੇਰੀ ਨਿਯੁਕਤੀ ਹੋਈ ਤਾਂ ਮੇਰੇ ਪਿਤਾ ਜੀ ਨੇ ਕਿਹਾ ਸੀ ਕਿ ਬੇਟਾ ਜੀ ਇਹ ਤੇਰੇ ਚੰਗੇ ਭਾਗ ਹਨ ਕਿ ਤੂੰ ਉੱਥੇ ਜਾ ਰਿਹਾ ਹੈਂ ਜਿਥੋਂ ਦੇ ਲੋਕਾਂ ਦਾ ਸਾਡੀ ਧਰਤੀ ਦਾ ਜ਼ਰਾ-ਜ਼ਰਾ ਰਿਣੀ ਹੈ।ਉਥੋਂ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਦੇ ਕੇ ਭਾਖੜਾ ਡੈਮ ਬਣਨ ਦਿੱਤੀ। ਜਿੱਥੋਂ ਸਾਡੇ ਖਿੱਤੇ ਨੂੰ ਬਿਜਲੀ ਅਤੇ ਪਾਣੀ ਮਿਲੇ।ਜਾਉ ਉਥੋਂ ਦੇ ਲੋਕਾਂ ਦੀ ਸੇਵਾ ਕਰਕੇ ਆਪਣੇ ਪੁਰਖਾਂ ਦਾ ਰਿਣ ਲਾਹੋ।
?ਲੁਧਿਆਣੇ ਨੌਕਰੀ ਦੌਰਾਨ ਤੁਸੀਂ ਅਨੇਕਾਂ ਜ਼ਿਕਰਯੋਗ ਕਾਰਜ ਨੇਪਰੇ ਚਾੜ੍ਹੇ, ਜਿਨ੍ਹਾਂ ਵਿਚ ਜਗਰਾਉਂ ਪੁੱਲ ਦੇ ਅਕਾਰ ਵਿਚ ਵਧਾਉਣਾ ਸ਼ਾਮਿਲ ਹੈ। ਉਸ ਉੱਤੇ ਤਾਂ ਹੁਣ ਗੀਤ ਵੀ ਬਣਨ ਲੱਗ ਪਏ ਹਨ। ‘ਜੇ ਤੂੰ ਖੇਡਣੀ ਕਬੱਡੀ ਮੇਰੇ ਸੋਹਣਿਆ ਜਗਰਾਮਾਂ ਵਾਲੇ ਪੁੱਲ ਜਿੱਡਾ ਦਿਲ ਚਾਹੀਦੈ।’ ਤੁਹਾਡੇ ਕੀਤੇ ਕਾਰਜ਼ਾਂ ਤੋਂ ਮੈਂ ਤਾਂ ਭਲੀਭਾਂਤ ਜਾਣੂ ਹਾਂ। ਪਰ ਮੈਂ ਚਾਹੁੰਦਾ ਹਾਂ, ਪਾਠਕਾਂ ਨੂੰ ਤੁਸੀਂ ਆਪਣੀ ਜ਼ੁਬਾਨੀ ਦੱਸੋਂ?
-ਮੈਂ ਅਕਸਰ ਆਖਦਾ ਹੁੰਦਾ ਹਾਂ, ‘ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ।’ ਜਿਸ ਮਕਸਦ ਨਾਲ ਸਰਕਾਰ ਨੇ ਮੈਨੂੰ ਲਗਾਇਆ ਸੀ, ਮੇਰਾ ਫਰਜ਼ ਬਣਦਾ ਸੀ ਕਿ ਮੈਂ ਉਹ ਕੰਮ ਇਮਾਨਦਾਰੀ ਅਤੇ ਮਿਹਨਤ ਨਾਲ ਕਰਦਾ। ਜਗਰਾਉਂ ਪੁੱਲ ਨਿਸਚਿਤ ਸਮੇਂ ਤੋਂ ਪਹਿਲਾਂ ਸੋਲਾਂ ਫੁੱਟ ਤੋਂ ਉੱਚਾ ਤੇ ਚੌੜਾ ਕਰਕੇ ਪੱਚੀ ਫੁੱਟ ਕੀਤਾ ਤੇ ਉਥੋਂ ਅੰਮ੍ਰਿਤਸਰ ਨੂੰ ਬਿਜਲੀ ਰੇਲ ਲੰਘਾਈ। 1897 ਵਿਚ ਬਣੇ ਦੋ ਮੋਰੀਆ ਪੁੱਲ ਨੂੰ ਸੌ ਸਾਲ ਬਾਅਦ ਤਿੰਨ ਮੋਰੀਆ ਕਰਕੇ ਲੁਧਿਆਣੇ ਦੇ ਟ੍ਰੈਫਿਕ ਨੂੰ ਨੱਥ ਪਾਈ। ਤੂੰ ਤਾਂ ਜਾਣਦਾ ਹੀ ਹੈਂ ਕਿ ਪਹਿਲਾਂ ਤੁਹਨੂੰ ਲੁਧਿਆਣਾ ਪਾਰ ਕਰਨ ਨੂੰ ਦੋ ਘੰਟੇ ਲੱਗ ਜਾਂਦੇ ਹੁੰਦੇ ਸਨ।ਗੁੜ ਮੰਡੀ ਦੀ ਅੱਗ ਬੁਝਾਉਣ ਵੇਲੇ ਖੁਦ ਜਾਨ ’ਤੇ ਖੇਡਿਆ। ਇਹਨਾਂ ਸੇਵਾਵਾਂ ਨੂੰ ਮੁੱਖ ਰੱਖ ਕੇ ਉਥੋਂ ਦੇ ਲੋਕ ਮੈਨੂੰ ਡੀ. ਸੀ. ਬਾਈ ਜੀ ਆਖਦੇ ਹਨ।
?ਹੁਣ ਲਗਦੇ ਹੱਥ ਦੂਜੇ ਜ਼ਿਲ੍ਹਿਆਂ ਵਿਚ ਕੀਤੇ ਕਾਰਜਾਂ ’ਤੇ ਵੀ ਚਾਨਣਾ ਪਾ ਦਿਉ?
-ਫਿਰੋਜ਼ਪੁਰ ਤਾਇਨਾਤ ਹੁੰਦਿਆਂ ਉਥੋਂ ਦੇ ਆਲੋਪ ਹੋ ਚੁੱਕੇ ਸਾਹਿਤ, ਵਿਸ਼ੇਸ਼ ਕਰ ਕਿੱਸਿਆਂ ਦੀ ਖੋਜ ਕਰਕੇ ਉਨ੍ਹਾਂ ਦਾ ਪੁਨਰ ਪ੍ਰਕਾਸ਼ਨ ਕੀਤਾ। ਐਂਗਲੋ ਸਿੱਖ ਵਾਰ ਦੀ ਪ੍ਰਤੀਕ ਸ਼ਮਾ ਰੋਸ਼ਨ ਕੀਤੀ। ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ’ਤੇ ਰੋਸ਼ਨੀ ਤੇ ਸ਼ਰਧਾਜ਼ਲੀ ਦੇ ਦੀਵੇ ਜਗਾਏ। ਸਮਾਧਾਂ ਨੂੰ ਜਾਂਦੇ ਰਸਤਿਆਂ ਵਿਚ ਬਹੁਰੰਗੇ ਫੁੱਲ ਲਗਵਾਏ। ਹੁਸੈਨੀਵਾਲਾ ਵਿਖੇ ਪਾਕਿਸਤਾਨ ਦੀ ਸਰੱਹਦ ’ਤੇ ਉਨ੍ਹਾਂ ਦੇ ਬੁਲੰਦ ਦਰਵਾਜ਼ੇ ਤੋਂ ਵੀ ਵਧੀਆ ਤੇ ਉੱਚਾ ਸ਼ਾਨੇ-ਹਿੰਦ ਦਰਵਾਜ਼ਾ ਬਣਾਇਆ। ਸ਼ਹੀਦ ਭਗਤ ਸਿੰਘ ਹੋਰਾਂ ਦੀ 75ਵੀਂ ਸ਼ਹੀਦੀ ਸ਼ਤਾਬਦੀ ’ਤੇ ਸ਼ਰਧਜ਼ਲੀ ਵਜੋਂ ਅੰਗਰੇਜ਼ੀ ਪੰਜਾਬੀ ਦੋ ਭਾਸ਼ਾਈ ਪੁਸਤਕ ‘ਛੋਮਰੳਦੲਸ ਨਿ ਅਰਮਸ- ੂਨਟਲਿ ਦੲੳਟਹ ੳਨਦ ਟਹੲਰੲੳਡਟੲਰ’ ਲਿਖੀ। ਫਿਰੋਜ਼ਪੁਰ ਨੂੰ ਆਉਣ ਵਾਲੇ ਸਾਰੇ ਮਾਰਗਾਂ ਉੱਤੇ ਟਿਉਬਾਂ ਲਗਵਾ ਕੇ ਉਥੋਂ ਦੀਆਂ ਰਾਤਾਂ ਨੂੰ ਰੋਸ਼ਨ ਕੀਤਾ।
ਗੁਰਦਾਸਪੁਰ ਗਿਆ ਤਾਂ ਡੇਰਾ ਬਾਬਾ ਨਾਨਕ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਸ਼ਹੀਦ ਸੰਗੀ ਸਾਥੀਆਂ ਨਾਲ ਕਾਹਨੂੰਵਾਲ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦਾਸ ਨੰਗਲ ਵਿਖੇ ‘ਬਾਬਾ ਬੰਦਾ ਸਿੰਘ ਬਹਾਦਰ’ ਯਾਦਗਾਰੀ ਪਾਰਕ ਬਣਵਾਈ। ‘ਪਹਿਲਾ ਸਿੱਖ ਸਮਰਾਟ’ ਡਾ: ਆਤਮ ਹਮਰਾਹੀ ਦੀ ਕਵਿਤਾ 4” ਮੋਟੇ ਅੱਖਰਾਂ ਵਿਚ ਅੱਧੇ ਬੋਰਡ ’ਤੇ ਲਿਖਾਈ ਤੇ ਦੂਜੇ ਹਿੱਸੇ ’ਤੇ ਰਾਬਿੰਦਰ ਨਾਥ ਟੈਗੋਰ ਦੀ ਕਵਿਤਾ ‘ਬੰਦੀ ਬੀਰ’ ਦਾ ਅੰਗਰੇਜ਼ੀ ਅਨੁਵਾਦ ‘ਕੈਪਟਿਵ ਹੀਰੋ।’ ਲਿਖਵਾ ਕੇ ਬੋਰਡ ਲਗਵਾਇਆ।
ਅੰਮ੍ਰਿਤਸਰ ਦੇ ਹਰਮਿੰਦਰ ਸਾਹਿਬ ਦੇ ਸੋਲ੍ਹਾਂ ਚੌਂਕਾਂ ਦੀ ਸ਼ਾਨਦਾਰ ਉਸਾਰੀ ਕੀਤੀ। ਸ਼ੇਰਾਂ ਵਾਲਾ ਤੇ ਖਜ਼ਾਨਾ ਆਦਿਕ ਗੇਟਾਂ ਨੂੰ ਮੁੜ ਉਸਾਰਿਆ। ਅੰਮ੍ਰਿਤਸਰ ਗਲਿਆਰਾ ਯੋਜਨਾ ਨੂੰ ਅਗਰਸਰ ਕੀਤਾ। ਜਿਸ ਸਦਕਾ ਲੋਕ ਮੈਨੂੰ ਡਿਓੜੀਆਂ ਵਾਲਾ ਡੀ. ਸੀ. ਸੱਦਣ ਲੱਗ ਪਏ ਸਨ।
ਆਨੰਦਪੁਰ ਸਾਹਿਬ ਦੀ ਨਵਸੰਜੀਵਤਾ ਦਾ ਨਿਰਮਾਣ, ਖਾਲਸਾਈ ਸਮਾਰਕ ਅਤੇ ਖਾਲਸਾਈ ਸੁਵੀਨਰ ਵਰਗੇ ਯਾਦਗਾਰੀ ਗ੍ਰੰਥ ਦੀ ਪ੍ਰਕਾਸ਼ਨਾ ਬਾਰੇ ਸਭ ਜਾਣਦੇ ਹਨ।
?ਪੰਜਾਬੀ ਲੇਖਕ ‘ਪੈੱਗ ਤੇ ਲੈੱਗ!’ ਦੇ ਸ਼ੌਕੀਨ ਹੁੰਦੇ ਹਨ। ਪੰਜਾਬੀ ਲੇਖਕ, ਮਲਵਈ ਸਿੱਧੂ ਜੱਟ ਤੇ ਉੱਤੋਂ ਡੀ. ਸੀ. ਲੱਗਿਆ ਹੋਵੇ।ਤੁਸੀਂ 33 ਵਰ੍ਹਿਆਂ ਦੀ ਨੌਕਰੀ ਦੌਰਾਨ ਸ਼ਰਾਬ ਟੱਚ ਨਹੀਂ ਕੀਤੀ। ਇਹ ਕਰਿਸ਼ਮਾ ਕਿਵੇਂ ਕੀਤੈ? ਤੁਹਾਡੀ ਜਗ੍ਹਾ ਮੈਂ ਹੁੰਦਾ ਤਾਂ ਜਿਹੜੇ ਜ਼ਿਲ੍ਹੇ ’ਚ ਡੀ. ਸੀ. ਲੱਗਦਾ ਉਥੋਂ ਦੇ ਠੇਕੇ ਖਾਲੀ ਕਰ ਦਿੰਦਾ।
-ਇਹ ਤਾਂ ਤੁਹਾਡੇ ਆਪਣੇ ਉੱਪਰ ਨਿਰਭਰ ਕਰਦਾ ਹੈ। ਕੋਈ ਤੁਹਨੂੰ ਢਾਹ ਕੇ ਤਾਂ ਮੂੰਹ ਵਿਚ ਪਾਉਂਦਾ ਨਹੀਂ। ਹਾਂ, ਕਈ ਮਰਤਬਾ ਅਫਸਰ ਜਾਂ ਯਾਰ ਬੇਲੀ ਫੋਰਸ ਜ਼ਰੂਰ ਕਰਿਆ ਕਰਦੇ ਸਨ। ਮੈਂ ਉਹਨਾਂ ਨੂੰ ਇਕ ਗੱਲ ਹੀ ਆਖਦਾ ਹੁੰਦਾ ਸੀ, ਬਈ ਮੈਨੂੰ ਨਾ ਪਿਲਾਉ। ਮੇਰੀ ਬਹੁਤ ਕੁੱਤਾ ਪੀਣੀ ਹੈ। ਉਹ ਇਸਦਾ ਮਤਲਬ ਪੁੱਛਦੇ। ਮੈਂ ਆਖਦਾ ਪਹਿਲਾ ਪੈੱਗ ਲਾ ਕੇ ਮੈਂ ਤੁਹਨੂੰ ਗਾਲ੍ਹ ਕੱਢੂੰ। ਦੂਜੇ ਤੀਜੇ ਵਿਚ ਧੱਫਾ-ਮੁੱਕੀ ਕਰੂੰ। ਚੌਥੇ ਪੰਜਵੇਂ ਵਿਚ ਢਾਹ ਕੇ ਤੁਹਾਡਾ ਜਲੂਸ ਕੱਢਣ ਲੱਗ ਜਾਊਂ। ਇਹ ਸੁਣ ਕੇ ਉਹ ਦੁਬਾਰਾ ਮੈਨੂੰ ਪੀਣ ਨੂੰ ਨਾ ਪੁੱਛਦੇ ਤੇ ਆਖਦੇ ਜੇ ਇਹ ਗੱਲ ਐ ਤਾਂ ਰੱਬ ਦਾ ਵਾਸਤਾ ਹੈ, ਤੂੰ ਨਾ ਪੀਵੀਂ।ਇਹ ਇਕ ਢੰਗ ਜਿਹਾ ਹੀ ਸੀ ਧੱਕਾ ਕਰ ਰਹੇ ਦੋਸਤਾਂ ਅਫਸਰਾਂ ਤੋਂ ਬਚਣ ਦਾ। ਉਂਝ ਮੈਂ ਐਨਾ ਅਸਭਿਅਕ ਵੀ ਨਹੀਂ ਹਾਂ। ਜਿਥੋਂ ਤੱਕ ਮਜ਼ਾਕ ਦਾ ਤਅੱਲਕ ਹੈ। ਆਹ ਸਕਾਟਲੈਂਡ ਦੀਆਂ ਸਾਰੀਆਂ ਡਿਸਟੀਲਰੀਆਂ ਤੇਰੇ ਆਸਰੇ ਹੀ ਛੱਡੀਆਂ ਹਨ।
? ਤੁਸੀਂ ਪੰਜਾਬੀ ਦੇ ਪਹਿਲੇ ਲੇਖਕ ਹੋ, ਜਿਹੜੇ ਡੰਕੇ ਦੀ ਚੋਟ ’ਤੇ ਐਲਾਨ ਕਰਦੇ ਹੋ ਕਿ ਮੈਂ ਆਪਣੀ ਪੁਸਤਕ ਵੇਚਦਾ ਨਹੀਂ ਮੁਫਤ ਵੰਡਦਾ ਹਾਂ। ‘ਮਾਨਵਤਾ ਦਾ ਪ੍ਰਣਾਮ, ਸਰਬੰਸਦਾਨੀ ਦੇ ਨਾਮ’ ਵਰਗੀ ਵਡਮੁੱਲੀ ਤੇ ਖੋਜ ਭਰਪੂਰ 540 ਸਫੇ ਦੀ ਵਡਅਕਾਰੀ ਪੁਸਤਕ ਦੀਆਂ ਹਜ਼ਾਰਾਂ ਦੀ ਗਿਣਤੀ ਵਿਚ ਅਨੇਕਾਂ ਐਡੀਸ਼ਨਾਂ ਤੁਸੀਂ ਮੁਫਤ ਵੰਡੀਆਂ। ਇਸ ਪਿਛੇ ਮਕਸਦ?
-ਮੈਂ ਗੁਰੂ ਨਾਨਕ ਦੇ ਉਪਦੇਸ਼ ਅਤੇ ਸੰਦੇਸ਼। ਗੁਰੂ ਗੋਬਿੰਦ ਸਿੰਘ ਦੀ ਲਾਸਾਨੀ ਕੁਰਬਾਨੀ ਤੋਂ ਬੱਚੇ ਬੱਚੇ ਨੂੰ ਜਾਣੂ ਕਰਵਾਉਣਾ ਚਾਹੁੰਦਾ ਹਾਂ।ਜਦੋਂ ਮੈਂ ਚਮਕੌਰ ਦੀ ਗੜ੍ਹੀ ਦੇਖਦਾ ਜਾਂ ਸਰਸਾ ਨਦੀ ਪਾਰ ਕਰਦਾ। ਮੈਂ ਭਾਵੁਕ ਹੋ ਜਾਂਦਾ। ਤੈਨੂੰ ਪੁਸਤਕ ਪੜ੍ਹਦਿਆਂ ਮੇਰੀ ਸੰਵੇਦਨਾ ਜ਼ਰੂਰ ਮਹਿਸੂਸ ਹੋਈ ਹੋਵੇਗੀ। ਜਦੋਂ ਨੇਕ ਇਰਾਦਾ ਹੋਵੇ। ਮੰਜ਼ਿਲ ’ਤੇ ਪਹੁੰਚਣ ਦਾ ਬਲ ਵਾਹਿਗੁਰੂ ਆਪੇ ਬਖਸ਼ ਦਿੰਦਾ ਹੈ। ‘ਉਨਹੀ ਕੀ ਕ੍ਰਿਪਾ ਸੇ ਸਜ਼ੇ ਹਮ ਹੈਂ।’
? 630 ਸਫੇ ਦੀ ‘ਸਰਸਵਤੀ ਤੋਂ ਸਤਲੁਜ ਤੇ ਸਿੰਧ ਤੱਕ’ ਪੁਸਤਕ, ਜਿਸ ਵਿਚ ਅਣਵੰਡੇ ਪੰਜਾਬ ਦੇ 29 ਜ਼ਿਲ੍ਹਿਆਂ ਦੀ ਜਾਣਕਾਰੀ। ਸਿੱਧੂ ਬਰਾੜਾਂ ਦਾ ਪਿਛੋਕੜ। ਸਪਤ ਸਿੰਧੂ ਦਾ ਸਭਿਆਚਾਰ, ਰਸਮੋ ਰਿਵਾਜ਼, ਸ਼ਹੀਦਾਂ ਮੁਰੀਦਾਂ ਦੀ ਵਾਰਤਾ ਅਤੇ ਢੇਰ ਸਾਰਾ ਗਿਆਨ ਸਮੋਈ ਹੋਈ ਪੁਸਤਕ ਲਿਖਣ ਦਾ ਸਬੱਬ ਕਿਵੇਂ ਬਣਿਆ?
-ਅੰਗਰੇਜ਼ਾਂ ਦੇ ਰਾਜ ਸਮੇਂ ਜਦੋਂ ਉਹ ਕਿਸੇ ਨੂੰ ਡੀ. ਸੀ. ਨਿਯੁਕਤ ਕਰਦੇ ਹੁੰਦੇ ਸੀ ਤਾਂ ਡੀ. ਸੀ. ਗਜ਼ਟੀਅਰ ਲਿਖਦੇ ਹੁੰਦੇ ਸਨ। ਸਥਾਨਕ ਲੋਕਾਂ ਦੇ ਸਭਿਆਚਾਰ, ਧਰਮ, ਰਹਿਣੀ-ਸਹਿਣੀ ਅਤੇ ਰਹੁ-ਰੀਤਾਂ ਬਾਰੇ ਜਾਣਕਾਰੀ।ਭਾਰਤ ਅਤੇ ਪਾਕਿਸਤਾਨ ਦੇ ਜਦੋਂ ਅਫਸਰ ਸਰੱਹਦ ਉੱਤੇ ਮਿਲਦੇ ਹਨ ਤਾਂ ਇੰਟਰਨੈਸ਼ਨਲ ਪਰੋਟੋਕਾਲ ਅਨੁਸਾਰ ਜਿਸ ਦੇਸ਼ ਦਾ ਅਫਸਰ ਵੱਡੇ ਰੈਂਕ ਦਾ ਹੋਵੇ ਦੂਜੇ ਦੇਸ਼ ਦਾ ਉਸਨੂੰ ‘ਸਰ’ ਆਖ ਕੇ ਬਲਾਉਂਦਾ ਹੈ। ਮੇਰੀ ਮੁਲਾਕਾਤ ਪਾਕਿਸਤਾਨ ਵੱਲੋਂ ਜਹਾਂਗੀਰ ਜੰਜੂਆ ਨਾਲ ਹੋਈ। ਉਹ ਮੈਨੂੰ ਕਹਿਣ ਲੱਗਾ, “ਸਰ, ਜੇ ਕਹੋਂ ਤਾਂ ਮੈਂ ਤੁਹਾਨੂੰ ਕਸੂਰ ਦੀ ਬਣੀ ਜੁੱਤੀ ਭੇਜਾਂ?” ਮੈਂ ਉਸਨੂੰ ਜੁਆਬ ਦਿੱਤਾ, “ਜੁੱਤੀਆਂ ਤਾਂ ਸਾਡੇ ਮੁਕਤਸਰ ਬਹੁਤ ਵਧੀਆ ਬਣਦੀਆਂ ਹਨ। ਕਹੇਂ ਤਾਂ ਟਰੱਕ ਭਰ ਕੇ ਭੇਜ ਦਿੰਦੇ ਹਾਂ। ਅਸੀਂ ਤੁਹਾਡੀਆਂ ਜੁੱਤੀਆਂ ਜੋਗੇ ਰਹਿ ਗਏ?” ਉਹ ਕਹਿਣ ਲੱਗਾ, “ਨਹੀਂ ਸਰ ਤੁਸੀਂ ਗੁੱਸਾ ਕਰ ਗਏ। ਮੇਰਾ ਇਹ ਮਤਲਬ ਨਹੀਂ ਸੀ। ਮੈਂ ਤੁਹਾਨੂੰ ਨਜ਼ਰਾਨਾ ਦੇਣਾ ਚਾਹੁੰਦਾ ਹਾਂ।” ਮੈਂ ਉਸਨੂੰ ਕਿਹਾ ਨਜ਼ਰਾਨਾ ਹੀ ਦੇਣਾ ਹੈ ਤਾਂ ਆਪਣੇ ਵਾਲੇ ਪਾਸੇ ਦੇ ਗਜ਼ਟੀਅਰ ਮੈਨੂੰ ਭੇਜ।ਉਸਨੇ ਭੇਜੇ ’ਤੇ ਇੰਝ ਇਹ ਕਿਤਾਬ ਹੋਂਦ ਵਿਚ ਆਈ।
? ਆਪਣੇ ਕਾਰਜਕਾਲ ਦੌਰਾਨ ਤੁਸੀਂ ਨੌ ਸ਼ਤਾਬਦੀਆਂ ਦੇ ਸੂਤਰਧਾਰ ਰਹੇ। ਵਿਸ਼ੇਸ਼ ਕਰ ਖਾਲਸਾ ਸਿਰਜਨਾ ਦਿਵਸ ਦੇ ਸਮਾਗਮਾਂ ਦਾ ਸਾਰਾ ਪ੍ਰਬੰਧ ਤੁਹਾਡੇ ਹੱਥਾਂ ਵਿਚ ਸੀ। ਹੁਣ ਉਸ ਬਾਰੇ ਸੋਚ ਕੇ ਕਿਵੇਂ ਮਹਿਸੂਸ ਕਰਦੇ ਹੋ?
-ਮੈਂ ਆਪਣੇ ਆਪਨੂੰ ਵਡਭਾਗਾ ਮਹਿਸੂਸ ਕਰਦਾ ਹਾਂ।ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਉਤਸਵ, ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ, ਛੋਟੇ ਸਾਹਿਜ਼ਾਦਿਆਂ ਦੀ ਸ਼ਹੀਦੀ, ਗੁਰੂ ਅਰਜਨ ਦੇਵ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਦੀ ਸ਼ਤਾਬਦੀ, ਗੁਰੂ ਗ੍ਰੰਥ ਸਾਹਿਬ ਦੀ ਦੁਬਾਰਾ ਰਚਨਾ ਦੀ ਸ਼ਤਾਬਦੀ ਦੀ ਸੇਵਾ ਮੇਰੇ ਹਿੱਸੇ ਆਈ। ਇਹ ਮੇਰਾ ਕੋਈ ਅਗਲਾ ਪਿਛਲਾ ਚੰਗਾ ਕਰਮ ਸੀ। ਖਾਲਸਾ ਸਿਰਜਣਾ ਸਮਾਗਮਾਂ ਵਿਚ ਦੇਸ਼-ਵਿਦੇਸ਼ਾਂ ਤੋਂ ਕਰੋੜ ਤੋਂ ਵੀ ਵੱਧ ਸੰਗਤ ਆਈ ਤੇ ਗੁਰੂ ਦੀ ਕ੍ਰਿਪਾ ਨਾਲ ਇਕ ਵੀ ਅਨਸੁਖਾਵੀਂ ਘਟਨਾ ਨਹੀਂ ਵਾਪਰੀ।
? ਬੜੇ ਲੰਮੇ ਅਰਸੇ ਤੋਂ ਤੁਸੀਂ ਚੰਡੀਗੜ੍ਹ ਰਹਿ ਰਹੇ ਹੋ। ਕਦੇ ਪਿੰਡ ਦੀਆਂ ਗਲੀਆਂ ਦੀ ਯਾਦ ਨਹੀਂ ਸਤਾਉਂਦੀ?
-ਯਾਦ ਤਾਂ ਕਰਾਂ ਜੇ ਕਦੇ ਭੁੱਲਿਆਂ ਹੋਵਾਂ। ਪੜ੍ਹਾਈ ਦੌਰਾਨ ਜਦੋਂ ਹੋਸਟਲ ਰਹਿੰਦਾ ਸੀ ਤਾਂ ਛੁੱਟੀਆਂ ਵਿਚ ਪਿੰਡ ਨੂੰ ਭੱਜ ਕੇ ਜਾਣਾ।ਸੀਰੀਆਂ ਨਾਲ ਨਰਮੇ ਬੀਜਣੇ, ਝੋਨੇ ਲਾਉਣੇ, ਕਣਕਾਂ ਵੱਢਣੀਆਂ। ਮੈਨੂੰ ਯਾਦ ਹੈ ਇਕ ਵਾਰ ਮੇਰੇ ਪਾਪਾ ਨੇ ਕਿਹਾ ਸੀ ਬੇਟਾ ਬੈਸਟ ਅਥਲੀਟ ਬਣਨਾ ਹੈ ਤਾਂ ਕਹੀ ਚੱਕ ਤੇ ਖਾਲ ਘੜ੍ਹ ਤੇਰਾ ਸਟੈਮਨਾ ਬਣਾਈਏ। ਖੁੱਲ੍ਹੀ ਜਾਇਦਾਦ ਅਤੇ ਦੌਲਤ ਹੋਣ ਦੇ ਬਾਵਜੂਦ ਵੀ ਮੇਰੇ ਵਿਚ ਸਰਦਾਰਾਂ ਦੇ ‘ਕਾਕਿਆਂ’ ਵਾਲੀਆਂ ਵਹਿਬਤਾਂ ਨਹੀਂ ਆਈਆਂ।
?ਪਾਠਕਾਂ ਨੂੰ ਕੋਈ ਸੰਦੇਸ਼?
-ਲਿਖਾਰੀਆਂ ਅੱਗੇ ਗੁਜ਼ਾਰਿਸ਼ ਹੈ ਕਿ ਇਤਿਹਾਸ ਨੂੰ ਕਲਮਬੰਦ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਅਮੀਰ ਵਿਰਾਸਤ ਬਾਰੇ ਪਤਾ ਲੱਗ ਸਕੇ।ਆਪਣੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦਾ ਗਿਆਨ ਦੇਵੋ, ਮਾਂ ਬੋਲੀ ਨਾਲ ਜੋੜੋ। ਸਾਡੇ ਵਿਚ ਸੈਂਸ ਔਫ ਹਿਸਟਰੀ ਦੀ ਘਾਟ ਹੈ। ਸਾਨੂੰ ਆਪਣੇ ਹੈਰੀਟੇਜ ਨੂੰ ਸੰਭਾਲਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਸਿੱਖ ਗੁਰੂਆਂ ਦੇ ਪੌਣੇ ਦੋ ਸੌ ਸ਼ਸਤਰ ਵਸਤਰ ਸ਼ਰਧਾਲੂਆਂ ਦੇ ਘਰਾਂ ਵਿਚ ਪਏ ਤਾਰ ਤਾਰ ਹੋ ਰਹੇ ਹਨ। ਉਹਨਾਂ ਨੂੰ ਰਸਾਇਣਾਂ ਲਗਾ ਕੇ ਸੰਭਾਲਣ ਵਾਲਾ ਕੋਈ ਨਹੀਂ। ਸਰਕਾਰ ਤੇ ਪੁਰਾਤਤਵ ਵਿਭਾਗ ਸੁੱਤਾ ਪਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ ਦਾ ਜ਼ਿਕਰ ਚੱਲਿਆਂ ਸਾਰਾ ਪੰਜਾਬ ਕਮਲਾ ਹੋ ਜਾਂਦਾ ਹੈ ਕਿ ਇੰਗਲੈਂਡ ਦੀ ਮਲਕਾ ਕੁਰਸੀ ਵਾਪਿਸ ਕਰੇ। ਕੋਹੀਨੂਰ ਹੀਰਾ ਵਾਪਿਸ ਕਰੇ।ਇਥੇ ਲੰਡਨ ਵਿਚ ਜਦੋਂ ਮੈਂ ਦੋਨੋਂ ਚੀਜ਼ਾਂ ਪਈਆਂ ਦੇਖੀਆਂ ਤਾਂ ਮੇਰੀਆਂ ਅੱਖਾਂ ਵਿਚ ਪਾਣੀ ਆ ਗਿਆ। ਨਾਲ ਹੀ ਖੁਸ਼ੀ ਵੀ ਹੋਈ ਕਿ ਜੇ ਇਹ ਚੀਜ਼ਾਂ ਸਾਡੇ ਦੇਸ਼ ਕੋਲ ਹੁੰਦੀਆਂ ਤਾਂ ਭਾਲਿਆਂ ਨਹੀਂ ਸਨ ਲੱਭਣੀਆਂ। ਇਹਨਾਂ ਨੇ ਇਉਂ ਸੰਭਾਲ ਕੇ ਰੱਖੀਆਂ ਹਨ ਜਿਵੇਂ ਮਹਾਰਾਜਾ ਰਣਜੀਤ ਸਿੰਘ ਅਜੇ ਕੱਲ੍ਹ ਹੀ ਹੋਇਆ ਹੋਵੇ। ਸਾਰੀ ਦੁਨੀਆਂ ਤੋਂ ਲੋਕ ਆ ਕੇ ਇਹਨਾਂ ਚੀਜ਼ਾਂ ਨੂੰ ਦੇਖਦੇ ਅਤੇ ਸਾਡੇ ਇਤਿਹਾਸ ਤੋਂ ਜਾਣੂ ਹੁੰਦੇ ਹਨ।
****

balraj singh sidhu dee kalm kalbir singh vrge mhan bndia bare is tra likhdi rhe ,,, ते ਅਸੀਂ ਪੜਦੇ ਰਹੀਏ ਤੇ ਚੰਗੇ ਲੋਕਾਂ ਦੇ ਜੀਵਨ ਚੋ ਆਪਣੇ ਲਈ ਸੇਧ ਲੈਂਦੇ ਰਹੀਏ ਇਸ ਮੁਲਾਕਾਤ ਵਿਚ ਜਿਵੇ ਸਵਾਲ ਬਲਰਾਜ ਜੀ ਨੇ ਕੀਤੇ ਤੇ ਡੀ ਸੀ ਸਾਹਿਬ ਦੀਆ ਰਚਨਾਵਾਂ ਦਾ ਜਿਕਰ ਕੀਤਾ , ਲਾਲਾ ਦੋਲਤ ਰਾਇ ਦੀ ਪੁਸਤਕ ਦਾ ਜਿਕਰ ਕੀਤਾ ਇੰਝ ਲਗਿਆ ਜਿਵੇ ਬਲਰਾਜ ਭਾਜੀ ਨੇ ਸਾਰਾ ਸਾਹਿਤ ਰਾਤਾਂ ਜਾਗ ਜਾਗ ਪੜ ਲਿਆ
ReplyDelete