ਅਣਖੀ ਨਾਲ ਖੁੱਲ੍ਹੀਆਂ ਗੱਲਾਂ: ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ: ਅਣਖੀ ਜੀ, ਤੁਸੀਂ ਆਪਣੀ ਇਸ ਸੱਜਰੀ ਚੋਣਵੀਆਂ ਇਕਵੰਜਾ ਕਹਾਣੀਆਂ ਦੀ ਛਪੀ ਕਿਤਾਬ ਚਿੱਟੀ ਕਬੂਤਰੀ ’ਤੇ ਹੱਥ ਰੱਖ ਕੇ ਕਹੋ ਕਿ ਮੈਂ ਜੋ ਕੁੱਝ ਕਹੂੰਗਾ ਸਿਰਫ ਸੱਚ ਕਹੂੰਗਾ ਤੇ ਸੱਚ ਤੋਂ ਸਿਵਾ ਕੁੱਝ ਨਹੀਂ ਕਹੂੰਗਾ।
ਰਾਮ ਸਰੂਪ ਅਣਖੀ: ਮੈਂ ਜੋ ਕੁੱਝ ਕਹੂੰਗਾ ਸਿਰਫ ਸੱਚ ਕਹੂੰਗਾ ਤੇ ਸੱਚ ਤੋਂ ਸਿਵਾ ਕੁੱਝ ਨਹੀਂ ਕਹੂੰਗਾ।
? ਤੁਹਾਨੂੰ ਲਿਖਣ ਦੀ ਚੇਟਕ ਕਿਵੇਂ ਤੇ ਕਦੋਂ ਲੱਗੀ?
-ਜਦੋਂ ਮੇਰੀ ਉਮਰ ਪੰਜ ਛੇ ਸਾਲ ਦੀ ਸੀ। ਸਾਡੇ ਪਿੰਡ ਮੇਰੀ ਮਾਸੀ ਦਾ ਮੁੰਡਾ ਚੇਤ ਰਾਮ ਰਹਿੰਦਾ ਹੁੰਦਾ ਸੀ। ਉਹ ਮੇਰੇ ਬਾਪੂ ਨਾਲ ਖੇਤੀ ਦਾ ਕੰਮ ਕਰਦਾ ਸੀ। ਉਹ ਗੁਰਮਖੀ ਪੜ੍ਹਿਆ ਹੋਇਆ ਸੀ ਤੇ ਉਹਨੂੰ ਕਿੱਸੇ ਪੜ੍ਹਨ ਦਾ ਸ਼ੌਂਕ ਸੀ। ਆਪਣੇ ਹਾਣੀ ਮੁੰਡਿਆਂ ਦੀ ਮਹਿਫਲ ਵਿੱਚ ਉਹ ਗਾ ਕੇ ਪੜ੍ਹਦਾ। ਮੈਂ ਹਮੇਸ਼ਾਂ ਉਹਦੇ ਨਾਲ ਰਹਿੰਦਾ ਸੀ। ਮੈਨੂੰ ਉਹ ਗਾਉਂਦਾ ਚੰਗਾ-ਚੰਗਾ ਲੱਗਦਾ। ਫੇਰ ਪਾਕਸਤਾਨ ਬਣਨ ਤੋਂ ਪਹਿਲਾਂ ਚੇਤ ਰਾਮ ਤਾਂ ਡਾਕੂਆਂ ਵਿੱਚ ਜਾ ਰਲਿਆਂ ਅਤੇ ਘਰ ਵਿੱਚ ਜੋ ਉਹ ਕਿੱਸੇ ਛੱਡ ਗਿਆ। ਉਹ ਮੈਂ ਆਪ ਪੜ੍ਹੇ। ਉਹਨਾਂ ਕਿੱਸਿਆਂ ਵਿੱਚੋਂ ਖਾਸ ਕਰਕੇ ਹੀਰ ਵਾਰਿਸ ਸ਼ਾਹ ਮੈਨੂੰ ਬਹੁਤ ਪਸੰਦ ਸੀ। ਮੈਨੂੰ ਲੱਗਦਾ ਜਿਵੇਂ ਮੈਂ ਵੀ ਵਾਰਿਸ ਸ਼ਾਹ ਵਾਂਗ ਤੁਕਾਂ ਜੋੜ ਸਕਦਾ ਹੋਵਾਂ। ਮੈਂ ਨੌਵੀਂ ਦਸਵੀ ਜਮਾਤ ਵਿੱਚ ਪੜ੍ਹਦਾ ਸੀ, ਤਾਂ ਮੇਰੀ ਜ਼ਿੰਦਗੀ ਵਿੱਚ ਆਈ ਪਹਿਲੀ ਮੁਹੱਬਤ ਬਾਰੇ ਮੈਂ ਬੈਂਤਾਂ ਲਿਖਣ ਲੱਗਿਆ। ਇਹ ਵਾਰਿਸ਼ ਸ਼ਾਹ ਦੇ ਸਟਾਇਲ ਦੀਆਂ ਹੀ ਸਨ। ਉਹਨਾਂ ਸਮਿਆਂ ਵਿੱਚ ਲੁਧਿਆਣੇ ਤੋਂ ਇੱਕ ਸਪਤਾਹਿਕ ਪਰਚਾ ਲਲਕਾਰ  ਛਪਦਾ ਸੀ। ਉਥੇ ਮੈਂ ਆਪਣੀਆਂ ਬੈਂਤਾਂ
ਭੇਜਦਾ ਤੇ ਛੱਪ ਜਾਂਦੀਆਂ। ਬਸ ਇਹੀ ਮੇਰੀ ਸ਼ੁਰੂਆਤ ਸੀ।
? ਤੁਸੀਂ ਆਪਣਾ ਸਾਹਿਤਕ ਸਫਰ ਮਟਕ ਚਾਨਣਾ(1957) ਕਾਵਿ ਸੰਗ੍ਰਹਿ ਤੋਂ ਆਰੰਭ ਕਰਕੇ  ਬੜੀ ਸਰਗਰਮੀ ਨਾਲ ਦੋ ਤਿੰਨ ਹੋਰ ਸੰਗ੍ਰਿਹ ਛਪਵਾਏ ਤੇ ਮੇਰੇ ਕਮਰੇ ਦਾ ਸੂਰਜ (1966) ਰਚਣ ਬਾਅਦ ਕਵਿਤਾ ਨੂੰ ਤਿਲਾਜਲੀ ਕਿਉਂ ਦੇ ਦਿੱਤੀ?
-ਮੈਂ ਲੱਗਭੱਗ ਪੰਦਰਾਂ ਸਾਲ ਕਵਿਤਾ ਲਿਖਦਾ ਰਿਹਾ ਸੀ। ਇੱਕ ਸਮੇਂ ’ਤੇ ਆ ਕੇ ਮੈਨੂੰ ਮਹਿਸੂਸ ਹੋਣ ਲਗਿਆ ਜਿਵੇਂ ਕਵਿਤਾ ਰਾਹੀਂ ਮੈਂ ਪੇਸ਼ ਨਾ ਹੋ ਰਿਹਾ ਹੋਵਾਂ। ਮੈਨੂੰ ਇਹ ਵੀ ਲੱਗਦਾ ਕਿ ਕਵਿਤਾ ਵਿੱਚ ਆਕਾਸ਼ ਉਡਾਰੀਆਂ ਜਹੀਆਂ ਮਾਰ ਕੇ ਮੈਂ ਝੂਠ ਬੋਲ ਰਿਹਾ ਹੋਵਾਂ। ਕਹਾਣੀ ਮੈਂ ਕਦੇ-ਕਦੇ ਪਹਿਲਾਂ ਵੀ ਲਿਖਦਾ ਸੀ। ਮੇਰਾ ਪਹਿਲਾਂ ਕਹਾਣੀ ਸੰਗ੍ਰਹਿ ਸੁੱਤਾ ਨਾਗ (1966) ਛਪਣ ਤੋਂ ਪਹਿਲਾਂ ਮੇਰੀਆਂ ਚਾਰ-ਚਾਰ ਕਹਾਣੀਆਂ ਆਰਸੀ ਤੇ ਪ੍ਰੀਤਲੜੀ ਵਿੱਚ ਛਪ ਚੁਕੀਆਂ ਸਨ। ਜਿਨ੍ਹਾਂ ਕਰਕੇ ਮੈਨੂੰ ਸਮਕਾਲੀ ਲੇਖਕਾਂ ਅਤੇ ਪਾਠਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ ਸੀ। ਕਹਾਣੀ ਲਿਖਣ ਨਾਲ ਜੋ ਤਸੱਲੀ ਮਿਲਦੀ ਸੀ। ਉਹ ਕਵਿਤਾ ਵਿੱਚ ਨਹੀਂ ਸੀ। ਸੁੱਤਾ ਨਾਗ  ਦੀ ਇੱਕ ਹਜਾਰ ਦੀ ਅਡੀਸ਼ਨ ਦੋ ਮਹੀਨਿਆਂ ਵਿੱਚ ਹੀ ਵਿੱਕ ਗਈ। ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਕਹਾਣੀਆਂ ਦੀ ਮੰਗ ਜ਼ਿਆਦੈ  ਤੇ ਫੇਰ ਮੈਂ ਕਹਾਣੀਆਂ ਹੀ ਲਿਖਦਾ ਚਲਾ ਗਿਆ। ਦੂਜਾ ਸੰਗ੍ਰਹਿ 1967 ਤੇ ਤੀਜਾ 1968 ਵਿੱਚ ਛਪ ਗਿਆ। ਕਹਾਣੀ ਲਿਖਣ ਦਾ ਸਿਲਸਲਾ ਐਨਾ ਵੱਧ ਗਿਆ ਕਿ ਕਵਿਤਾ ਛੁੱਟ ਗਈ। 
?ਕਹਾਣੀ ਲਿਖਣ ਦਾ ਤੁਹਾਡਾ ਪਰੋਸੈਸ (ਤਰੀਕਾਕਾਰ) ਕੀ ਹੈ?
-ਕਵਿਤਾ ਲਿਖਣ ਲਈ ਮੂਡ ਦੀ ਜ਼ਰੂਰਤ ਹੁੰਦੀ ਸੀ। ਕਹਾਣੀ ਤੇ ਨਾਵਲ ਲਿਖਣ ਲਈ ਮੇਰੇ ਸਾਹਮਣੇ ਅਜਿਹੀ ਕੋਈ ਸਮਅਸਿਆ ਨਹੀਂ ਸੀ। ਪਿਛਲੇ ਕੁੱਝ ਸਾਲਾਂ ਤੋਂ ਕਹਾਣੀ ਲਿਖਣ ਦਾ ਮੇਰਾ ਤਰੀਕਾ ਇਹ ਹੈ ਕਿ ਜਦੋਂ ਮੈਨੂੰ ਕੋਈ ਕਹਾਣੀ ਸੁੱਝਦੀ ਹੈ ਤਾਂ ਮੈਂ ਉਸਦਾ ਖਾਕਾ ਤਿਆਰ ਕਰ ਲੈਂਦਾਂ। ਜਦੋਂ ਕਿਸੇ ਮੈਗਜ਼ੀਨ ਵੱਲੋਂ ਕਹਾਣੀ ਦੀ ਮੰਗ ਆਉਂਦੀ ਹੈ ਤਾਂ ਉਸ ਖਾਕੇ ਨੂੰ ਦੇਖ ਕੇ ਕਦੇ ਵੀ ਕਹਾਣੀ ਲਿੱਖ ਲੈਂਦਾ ਹਾਂ। ਲਿਖਣ ਸਮੇਂ ਮੈਨੂੰ ਦੋ ਚੀਜ਼ਾਂ ਦੀ ਹੀ ਜ਼ਰੂਰਤ ਹੁੰਦੀ ਹੈ। ਇੱਕ ਮੇਰੇ ਕੋਲ ਸਮਾਂ ਹੋਵੇ ਅਤੇ ਦੂਜਾ ਮੇਰੀ ਸਿਹਤ ਠੀਕ ਹੋਵੇ। ਕਹਾਣੀ ਬਣਾਉਣ ਵੇਲੇ ਮੈਂ ਸਭ ਤੋਂ ਪਹਿਲਾਂ ਉਹਦੇ ਅੰਤ ਦਾ ਨਿਰਣਾ ਕਰਦਾਂ। ਫਿਰ ਜਦੋਂ ਕਹਾਣੀ ਲਿਖਣ ਵੇਲੇ ਮੇਰਾ ਦਿਮਾਗੀ ਸੰਘਰਸ਼ ਇਹੀ ਹੁੰਦੈ ਕਿ ਕਹਾਣੀ ਸ਼ੁਰੂ ਕਿਵੇਂ ਕੀਤੀ ਜਾਵੇ। ਪਾਠਕ ਬੜੀ ਕਮਾਲ ਦੀ ਚੀਜ਼ ਹੈ, ਜਦੋਂ ਉਹ ਕੋਈ ਵੀ ਕਹਾਣੀ ਪੜ੍ਹਣ ਲੱਗਦੈ, ਜੇ ਸ਼ੁਰੂ ਵਿੱਚ ਹੀ ਕਹਾਣੀ ਉਹਨੂੰ ਨਾ ਫੜ੍ਹੇ ਤਾਂ ਉਹ ਉਸ ਨੂੰ ਉਥੇ ਹੀ ਛੱਡ ਦੇਵੇਗਾ। ਸੋ ਮੇਰੇ ਲਈ ਵੱਡਾ ਟੀਚਾ ਇਹੀ ਹੁੰਦੈ ਕਿ ਪਾਠਕ ਕਹਾਣੀ ਨੂੰ ਸਿਰੇ ਤੱਕ ਪੜ੍ਹੇ। ਕਹਾਣੀ ਮੈਂ ਦੋ ਤਿੰਨ ਬੈਠਕਾਂ ਵਿੱਚ ਮੁਕਾ ਲੈਂਦਾਂ ਹਾਂ। ਫਿਰ ਉਸ ਦੀ ਪਰੈਸ ਕਾਪੀ ਤਿਆਰ ਕਰਨ ਤੋਂ ਪਹਿਲਾਂ ਕਾਂਟ-ਸ਼ਾਂਟ ਵੀ ਕਰਦਾਂ। ਜੇ ਮੇਰੇ ਪਰਿਵਾਰ ਵਿੱਚੋਂ ਮੇਰੀ ਕਹਾਣੀ ਕੋਈ ਨਾ ਸੁਣੇ ਤਾਂ ਛਪਣ ਲਈ ਭੇਜਣ ਤੋਂ ਪਹਿਲਾਂ ਮੈਂ ਆਪਣੀ ਕਹਾਣੀ ਸਾਹਮਣੀ ਕੰਧ ਨੂੰ ਹੀ ਸੁਣਾ ਲੈਂਦਾ ਹਾਂ। 
? ਤੁਸੀਂ ਕਹਾਣੀ ਤੋਂ ਨਾਵਲ ਵੱਲ ਕਿਵੇਂ ਮੁੜੇ?
-ਬਰਨਾਲੇ ਤੋਂ ਇੱਕ ਤ੍ਰੈਮਾਸਕ ਪਰਚਾ ਪ੍ਰਤੀਕ  ਨਿਕਲਦਾ ਹੁੰਦਾ ਸੀ। ਉਸ ਵਿੱਚ ਇੱਕ ਵਾਰ ਮੇਰੀ ਕਹਾਣੀ ਅਸ਼ਕੇ ਬੁੜੀਏ ਤੇਰੇ  ਛਪੀ। ਇਹ ਕਹਾਣੀ ਪੜ੍ਹ ਕੇ ਬੰਬਈ ਰਹਿੰਦੇ ਸੁਖਵੀਰ ਨੇ ਮੈਨੂੰ ਚਿੱਠੀ ਲਿਖੀ ਕਿ ਤੇਰੇ ਵਿੱਚ ਨਾਵਲ ਲਿਖਣ ਦੀ ਸਮਰੱਥਾ ਹੈ। ਉਹਨਾਂ ਦਿਨਾਂ ਵਿੱਚ ਹੀ ਮੈਂ ਬੰਬਈ ਗਿਆ ਤਾਂ ਬਲਰਾਜ ਸਾਹਨੀ ਅਤੇ ਜਸਵੰਤ ਸਿੰਘ ਕੰਵਲ ਨੇ ਵੀ ਮੈਨੂੰ ਇਹੀ ਸਲਾਹ ਦਿੱਤੀ ਸੀ, ਕਿਉਂਕਿ ਉਹਨਾਂ ਨੇ ਮੈਨੂੰ ਪੜਿਆ ਸੀ। ਮੈਂ ਨਾਨਕ ਸਿੰਘ, ਕੰਵਲ, ਨਰੂਲਾ ਆਦਿ ਦੇ ਨਾਵਲ ਪੜ੍ਹੇ ਹੋਏ ਸਨ। ਮੈਨੂੰ ਲੱਗਦਾ ਹੁੰਦਾ ਕਿ ਨਾਵਲ ਜਿਹੀ ਵੱਡੀ ਰਚਨਾ ਮੈਂ ਕਦੇ ਵੀ ਨਹੀਂ ਲਿਖ ਸਕਾਂਗਾ। ਫਿਰ ਮੈਂ ਇੱਕ ਨਾਵਲ ਲਿਖਿਆ ਅਤੇ ਉਸਦਾ ਕੱਚਾ ਖਰੜਾ ਸੁਖਵੀਰ ਜੀ ਨੂੰ ਭੇਜ ਦਿੱਤਾ। ਸੁਖਵੀਰ ਦਾ ਖਤ ਆਇਆ ਕਿ ਇਸ ਨਾਵਲ ਦੇ ਤਾਂ ਅਖੀਰ ਵਿੱਚ ਦੋ ਹਿੱਸੇ ਬਣ ਜਾਂਦੇ ਹਨ। ਤੂੰ ਇਹਨੂੰ ਇੱਕ ਨਾਵਲ ਬਣਾ। ਮੈਂ ਬਹੁਤ ਕੋਸ਼ਿਸ਼ ਕੀਤੀ। ਪਰ ਮੈਥੋਂ ਇਉਂ ਹੋ ਨਾ ਸਕਿਆ। ਅਖੀਰ ਮੈਂ ਉਸ ਨਾਵਲ ਨੂੰ ਚੁੱਲੇ ਦੀ ਭੇਟ ਹੀ ਕਰ ਦਿੱਤਾ। ਫੇਰ ਇੱਕ ਹੋਰ ਨਾਵਲ ਪਰਦਾ ਤੇ ਰੌਸ਼ਨੀ (1970) ਲਿਖਿਆ। ਇਸ ਨੂੰ ਚੰਗਾ ਹੁੰਗਾਰ ਮਿਲਿਆ। ਪਰ ਨਾਵਲਕਾਰ ਵਜੋਂ ਮੇਰੀ ਪਹਿਚਾਣ ਮੇਰੇ ਦੂਜੇ ਨਾਵਲ ਸੁਲਗਦੀ ਰਾਤ (1978) ਛਪਣ ਨਾਲ ਹੀ ਬਣੀ। ਤੁਸੀਂ ਪੁਛਿਆ ਹੈ ਕਿ ਕਹਾਣੀਆਂ ਲਿੱਖਦੇ ਲਿੱਖਦੇ ਨਾਵਲ ਕਨੀ ਕਿਵੇਂ ਪਰਤ ਗਏ। ਇਸਦਾ ਵੱਡਾ ਕਾਰਣ ਇਹ ਵੀ ਸੀ ਕਿ ਨਾਵਲ ਲਿਖਣ ਵਿੱਚ ਜ਼ਿਹਨੀ ਤੌਰ ਉਤੇ ਜੋ ਖੁੱਲਾਂ ਮਿਲਦੀਆਂ ਸਨ, ਉਹ ਕਹਾਣੀ ਵਿੱਚ ਨਹੀਂ ਸਨ। ਕਹਾਣੀ ਇੱਕ ਤੈਅਸ਼ੁਦਾ ਬੰਦਸ਼ ਹੁੰਦੀ ਹੈ। 
? ਤੁਹਾਡਾ ਪਹਿਲਾਂ ਨਾਵਲ 1970  ਵਿੱਚ ਛਪਿਆ ਤੇ ਦੂਜਾ 1978 ਵਿੱਚ ਛਪਿਆ। ਇਹ ਐਨੇ ਲੰਬੇ ਅੰਤਰਾਲ ਦਾ ਕਾਰਣ?
-ਦੂਜਾ ਨਾਵਲ ਸੁਲਗਦੀ ਰਾਤ  ਛਪਿਆ ਭਾਵੇਂ 1978 ਵਿੱਚ। ਪਰ ਮੈਂ ਇਸ ਨੂੰ 74-75 ਵਿੱਚ ਹੀ ਲਿਖ ਲਿਆ ਸੀ। ਜਦੋਂ ਮੈਂ ਇਹ ਨਾਵਲ ਲਿਖਿਆ। ਉਹਨਾਂ ਦਿਨਾਂ ਵਿੱਚ ਮੇਰੀ ਸੁਰਗਵਾਸੀ ਪਤਨੀ ਸਖਤ ਬਿਮਾਰ ਸੀ। ਪਰ ਫਿਰ ਵੀ ਮੇਰੇ ਦਿਮਾਗ ਵਿੱਚ ਸੁਲਗਦੀ ਰਾਤ  ਦੀ ਕਹਾਣੀ ਬੋਝ ਬਣ ਕੇ ਬੈਠੀ ਹੋਈ ਸੀ। ਮੈਂ ਇਸ ਬੋਝ ਤੋਂ ਛੇਤੀ ਮੁਕਤ ਹੋਣਾ ਚਾਹੁੰਦਾ ਸਾਂ। ਘਰ ਦਾ ਮਾਹੌਲ ਸੋਗੀ ਸੀ। ਮੇਰੇ ਕੋਲ ਸਮਾਂ ਵੀ ਨਹੀਂ ਸੀ। ਮੈਨੂੰ ਰਾਤ ਨੂੰ ਨੀਂਦ ਵੀ ਨਾ ਆਉਂਦੀ। ਮੈਂ ਨਾਵਲ ਥੋੜੇ ਦਿਨਾਂ ਵਿੱਚ ਹੀ ਮੁਕਾ ਦਿੱਤਾ। ਉਹਨਾਂ ਦਿਨਾਂ ਵਿੱਚ ਦ੍ਰਿਸ਼ਟੀ ਨਾਂ ਦਾ ਮਾਸਿਕ ਪੱਤਰ ਬੜੀ ਚੜ੍ਹਤ ਨਾਲ ਛਪਦਾ ਹੁੰਦਾ ਸੀ। ਇਹ ਮਾਸਿਕ ਪੱਤਰ ਹਰ ਵਾਰ ਇੱਕ ਪੂਰਾ ਨਾਵਲ ਵੀ ਛਾਪਦਾ ਸੀ। ਸਲਗਦੀ ਰਾਤ  ਪਹਿਲੀ ਵਾਰ ਉਥੇ ਛਪਿਆ। ਇਸ ਦੀ ਪ੍ਰਸੰਸਾ ਵਿੱਚ ਬਹੁਤ ਸਾਰੇ ਖਤ ਛਪੇ ਅਤੇ ਉਹਨਾਂ ਤੋਂ ਦੂਗਣੇ ਤਿੱਗਣੇ ਖਤ ਮੇਰੇ ਕੋਲ ਆਏ। ਸੁਲਗਦੀ ਰਾਤ  ਨੂੰ ਭਾਸਾ ਵਿਭਾਗ ਪੰਜਾਬ ਨੇ ਉਸ ਸਾਲ ਦੇ ਵਧੀਆ ਨਾਵਲ ਦਾ ਐਵਾਰਡ ਵੀ ਦਿੱਤਾ। ਹਿੰਦੀ ਦੇ ਪ੍ਰਸਿਧ ਅਖਵਾਰ ਜਨਸੱਤਾ ਨੇ ਇਸ ਨੂੰ ਹਿੰਦੀ ਵਿੱਚ ਛਾਪਿਆ। ਹਿੰਦੀ ਤੋਂ ਇਹ ਨਾਵਲ ਗੁਜਰਾਤੀ ਭਾਸ਼ਾ ਵਿੱਚ ਵੀ ਛਪਿਆ। ਗੁਰੂ ਨਾਨਕ ਦੇਵ ਯੂਨੀਵਰਸਟੀ ਅਮ੍ਰਿਤਸਰ ਅਤੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੀਆਂ ਗਰੈਜੂਏਟ ਕਲਾਸਾਂ ਵਿੱਚ ਇਹ ਸਿਲੇਬਸ ਵਜੋਂ ਵੀ ਪੜਾਇਆ ਜਾ ਰਿਹਾ ਹੈ।
? ਨਾਵਲ ਦੀ ਯੋਜਨਾਬੰਦੀ ਕਿਵੇਂ ਕਰਦੇ ਹੋ?
-ਨਾਵਲ ਮੇਰੇ ਲਈ ਯੁੱਧ ਵਿੱਚ  ਕਿਸੇ ਜਰਨੇਲ ਵਾਂਗ ਲੜਨ ਵਾਲੀ ਗੱਲ ਹੈ। ਜਦੋਂ ਮੈਂ ਨਾਵਲ ਲਿਖ ਰਿਹਾ ਹੋਵਾਂ ਤਾਂ ਲਗਾਤਾਰ ਨਿਰਅੰਤਰ ਲਿਖਦਾ ਹਾਂ। ਉਹਨਾਂ ਦਿਨਾਂ ਵਿੱਚ ਨਾ ਅਖਬਾਰ ਪੜ੍ਹਦਾ ਹਾਂ। ਨਾ ਰੇਡੀਉ ਸੁਣਦਾ ਹਾਂ। ਨਾ ਟੀ ਵੀ ਦੇਖਦਾ ਹਾਂ। ਘਰ ਵਿੱਚ ਆਏ ਬੇਮਤਲਵ ਮਹਿਮਾਨਾਂ ਨੂੰ ਮੇਰੀ ਪਤਨੀ ਟਾਲ ਦਿੰਦੀ ਹੈ। ਮੈਂ ਘਰੋਂ ਬਾਹਰ ਵੀ ਨਹੀਂ ਨਿਕਲਦਾ। ਨਾਵਲ ਦੀ ਕਹਾਣੀ ਕਈ-ਕਈ ਸਾਲ ਮੇਰੇ ਦਿਮਾਗ ਵਿੱਚ ਰਿਝਦੀ ਪੱਕਦੀ ਰਹਿੰਦੀ ਹੈ। ਮੈਂ ਨਾਵਲ ਦੇ ਨੋਟਸ ਕਦੇ ਤਿਆਰ ਨਹੀਂ ਕਰਦਾ। ਇਹ ਸਾਰਾ ਕੰਮ ਦਿਮਾਗ ਦੇ ਕੰਪਿਉਟਰ ਵਿੱਚ ਹੀ ਸੇਵ ਹੁੰਦਾ ਰਹਿੰਦਾ ਹੈ। ਨਾਵਲ ਦੇ ਖਾਸ-ਖਾਸ ਪਾਤਰਾਂ ਬਾਰੇ ਮੈਂ ਪਹਿਲਾਂ ਨਿਸਚਿਤ ਕਰ ਲੈਂਦਾ ਹਾਂ ਕਿ ਉਹ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਉਣਗੇ। ਨਾਵਲ ਦੇ ਅੰਤ ਬਾਰੇ ਵੀ ਮੈਨੂੰ ਪਹਿਲਾਂ ਪਤਾ ਹੁੰਦਾ ਹੈ। ਵਾਹ ਲੱਗਦੀ ਮੈਂ ਪਾਤਰਾਂ ਨੂੰ ਫਲੈਟ ਨਹੀਂ ਹੋਣ ਦਿੰਦਾ। ਮੇਰਾ ਲਿਖਣ ਦਾ ਸਮਾਂ ਸਵੇਰੇ ਚਾਰ ਵਜੇ ਤੋਂ ਲੈ ਕੇ ਰਾਤ ਦੇ ਦੱਸ ਗਿਆਰਾਂ ਵਜੇ ਤੱਕ ਚੱਲਦਾ ਰਹਿੰਦਾ ਹੈ। ਇਸ ਦੌਰਾਨ ਮੈਂ ਦੋ ਘੰਟੇ ਸੌਂ ਵੀ ਲੈਂਦਾ ਹਾਂ। ਹਰ ਰੋਜ਼ ਸਕੂਲੀ ਕਾਪੀ ਦੇ ਬੀਹ ਸਫੇ ਲਿਖਦਾ ਹਾਂ। ਜਦੋਂ ਨਾਵਲ ਮੁਕੰਮਲ ਹੋ ਜਾਵੇ ਤਾਂ ਕਾਪੀਆਂ ਦਾ ਬਸਤਾ ਬੰਨ੍ਹ ਕੇ ਅਲਮਾਰੀ ਵਿੱਚ ਰੱਖ ਦਿੰਦਾ ਹਾਂ। ਕੁੱਝ ਮਹੀਨਿਆਂ ਬਾਅਦ ਨਾਵਲ ਨੂੰ ਇਸ ਤਰ੍ਹਾਂ ਪੜ੍ਹਦਾ ਹਾਂ ਜਿਵੇਂ ਇਹ ਕਿਸੇ ਦੂਜੇ ਲੇਖਕ ਦੀ ਰਚਨਾ ਹੋਵੇ। ਇਸ ਦੌਰਾਨ ਪੈਰੇ ਦੇ ਪੈਰੇ ਕੱਟੇ ਜਾਂਦੇ ਹਨ। ਨਵੇਂ ਪੈਰੇ ਤੇ ਵਾਕ ਹਾਸ਼ੀਏ ਵਿੱਚ ਲਿਖਦਾ ਰਹਿੰਦਾ ਹਾਂ। ਨਵੇਂ ਸਫੇ ਲਿਖ ਕੇ ਕਾਪੀ ਵਿੱਚ ਜੋੜ ਦਿੰਦਾ ਹਾਂ। ਨਾਵਲ ਜਦੋਂ ਛਪਣ ਭੇਜਣਾ ਹੋਵੇ ਇੱਕ ਵਾਰ ਕੱਚੇ ਖਰੜੇ ਨੂੰ ਫੇਰ ਪੜ੍ਹਦਾ ਹਾਂ। ਪਰੈਸ ਕਾਪੀ ਤਿਆਰ ਕਰਨ ਵੇਲੇ ਵੀ ਫਿਕਰਿਆਂ ਦੀ ਕਾਂਟ-ਛਾਂਟ ਹੁੰਦੀ ਰਹਿੰਦੀ ਹੈ। ਸੋਧ-ਸਧਾਈ ਤਾਂ ਪਰੂਫ ਪੜ੍ਹਨ ਵੇਲੇ ਵੀ ਹੁੰਦੀ ਰਹਿੰਦੀ ਹੈ। 
? ਸਾਹਿਤ ਸਿਰਜਣਾ ਵਿੱਚ ਮਸਰੂਫ ਹੁੰਦਿਆਂ ਹੋਇਆਂ ਕਹਾਣੀ ਪੰਜਾਬ ਪਰਚਾ ਕੱਢਣ ਦਾ ਖਿਆਲ ਕਿਵੇਂ ਆਇਆ। ਇਸ ਪਿਛੇ ਕੀ ਮਕਸਦ ਸੀ?
-ਕਹਾਣੀ ਪੰਜਾਬ ਦਾ ਵਿਚਾਰ ਅਸਲ ਵਿੱਚ ਕਰਾਂਤੀ ਪਾਲ ਦੇ ਦਿਮਾਗ ਵਿੱਚ ਸੀ। ਕਿਉਂਕਿ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਬਾਅਦ ਮੈਂ ਵਿਹਲਾ ਸੀ ਅਤੇ ਉਹ ਬੇਰੋਜ਼ਗਾਰ। ਪਰਚੇ ਦੇ ਕੁੱਝ ਅੰਕ ਹੀ ਛਪੇ ਸਨ ਕਿ ਉਸ ਨੂੰ ਨੌਕਰੀ ਮਿਲ ਗਈ ਅਤੇ ਕਹਾਣੀ ਪੰਜਾਬ  ਮੇਰੇ ਲਈ ਇੱਕ ਮਕਸਦ ਬਣ ਗਿਆ। ਪੰਜਾਬੀ ਵਿੱਚ ਹੋਰ ਪਰਚੇ ਵੀ ਛਪ ਰਹੇ ਸਨ। ਜਿਨ੍ਹਾਂ ਵਿੱਚ ਕਹਾਣੀਆਂ ਤਾਂ ਛਪਦੀਆਂ ਸਨ। ਪਰ ਕਹਾਣੀ ਅਤੇ ਕਹਾਣੀਕਾਰਾਂ ਬਾਰੇ ਬੱਝਵੇਂ ਰੂਪ ਵਿੱਚ ਗੱਲ ਘੱਟ ਹੀ ਹੁੰਦੀ ਸੀ। ਕਹਾਣੀ ਪੰਜਾਬ ਦਾ ਮੂਲ ਮਨੋਰਥ ਇਹ ਹੈ ਕਿ ਪੰਜਾਬੀ ਦੀਆਂ ਵਧੀਆ ਕਹਾਣੀਆਂ ਪਾਠਕਾਂ ਨੂੰ ਦਿੱਤੀਆਂ ਜਾਣ ਅਤੇ ਨਵੇਂ ਕਹਾਣੀਕਾਰਾਂ ਨੂੰ ਚੰਗੇ ਢੰਗ ਨਾਲ ਪੇਸ਼ ਕਰਕੇ ਉਤਸ਼ਾਹਿਤ ਕੀਤਾ ਜਾਵੇ। ਜਿਸ ਮੰਤਵ ਲਈ ਮੈਂ ਇਹ ਪਰਚਾ ਸ਼ੁਰੂ ਕੀਤਾ ਸੀ, ਚਾਹੇ ਉਹਦੇ ਵਿੱਚ ਸੌ ਫੀਸਦੀ ਹਾਲੇ ਕਾਮਯਾਬ ਨਹੀਂ ਹੋਇਆ। ਪਰ ਕੋਸ਼ਿਸ਼ ਜਾਰੀ ਹੈ।  ਮੈਂ ਇਸ ਪਰਚੇ ਨੂੰ ਉਸ ਬੁਲੰਦੀ ਤੱਕ ਲੈ ਜਾਣਾ ਚਾਹੁੰਦਾ ਹਾਂ। ਜਦੋਂ ਇਸ ਵਿੱਚ ਕਿਸੇ ਲੇਖਕ ਦਾ ਛਪਣਾ ਇੱਕ ਮਾਣ ਤੇ ਫਖਰ ਵਾਲੀ ਗੱਲ ਹੋਵੇ।
? ਇੰਗਲੈਂਡ ਆਉਣ ਦਾ ਉਦੇਸ਼?
-ਮੈਂ ਪੰਜ ਕੁ ਸਾਲ ਪਹਿਲਾਂ ਵੀ ਇਥੇ ਆਇਆ ਸੀ। ਉਹਦੋਂ ਦੋ ਕੁ ਮਹੀਨੇ ਹੀ ਰਹਿ ਸਕਿਆ। ਮੈਂ ਦੇਖਣਾ ਚਾਹੁੰਦਾ ਹਾਂ ਕਿ ਪਿਛਲੇ ਚਾਲੀ ਪੰਤਾਲੀ ਸਾਲਾਂ ਤੋਂ ਪੰਜਾਬੀ ਲੋਕ ਏਥੇ ਰਹਿ ਕੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰ ਰਹੇ ਹਨ? ਉਹਨਾਂ ਦੀ ਰਹਿਣੀ-ਬਹਿਣੀ ਉਤੇ ਅੰਗਰੇਜ਼ੀ ਕਲਚਰ ਦਾ ਕਿੰਨਾ ਕੁ ਪ੍ਰਭਾਵ ਹੈ ਅਤੇ ਇਸ ਪ੍ਰਭਾਵ ਦਾ ਉਧਰ ਪੰਜਾਬ ਵਿੱਚ ਇਹ ਲੋਕ ਕੀ ਅਸਰ ਛੱਡ ਰਹੇ ਹਨ? ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਦਾ ਪੰਜਾਬ ਦੀ ਆਰਥਿਕਤਾ ਉਤੇ ਕੀ ਪਰਛਾਵਾਂ ਹੈ। ਮੈਂ ਇਹ ਸਭ ਇਹਨਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਡੂੰਘੀ ਨੀਜ਼ ਨਾਲ ਅਧਿਅਨ ਕਰ ਰਿਹਾ ਹਾਂ। ਮੇਰੀ ਲਗਭਗ ਸਾਰੀ ਰਚਨਾ ਪੰਜਾਬ ਦੇ ਪਿੰਡਾਂ ਬਾਰੇ ਹੈ। ਹੁਣ ਚਾਹੁੰਦਾ ਹਾਂ ਆਪਣੇ ਖੇਤਰ ਵਿੱਚੋਂ ਬਾਹਰ ਨਿਕਲਿਆ ਜਾਵੇ। ਵਲੈਤ ਵਿੱਚ ਵਸਦੇ ਪੰਜਾਬ ਨੂੰ ਵੀ ਆਪਣੇ ਇੱਕ ਨਾਵਲ ਦਾ ਵਿਸ਼ਾ ਬਣਾਵਾਂ।
? ਤੁਹਾਡੀ ਕਹਾਣੀ ਇੱਕ ਦਲੇਰ ਔਰਤ  ਦਾ ਅੰਤ ਪੜ੍ਹ ਕੇ ਮਹਿਸੂਸ ਨਹੀਂ ਹੁੰਦਾ ਕਿ ਉਹ ਖਤਮ ਹੋ ਗਈ ਹੈ। ਇਹ ਲੂਜ਼ ਐਂਡ ਕਿਉਂ ਛੱਡਿਆ?
-ਕਹਾਣੀ ਦੀ ਕੋਈ ਇੱਕ ਫਾਰਮ ਨਹੀਂ ਹੁੰਦੀ। ਪੰਜਾਬੀ ਕਹਾਣੀ ਦੀ ਕਦੇ ਤਕਨੀਕ ਸੀ ਕਿ ਲੇਖਕ ਕਹਾਣੀ ਦੇ ਸ਼ੁਰੂ ਵਿੱਚ ਪਹਿਲਾਂ ਭੂਮਿਕਾ ਬੰਨ੍ਹਦਾ ਜਾਂ ਕੋਈ ਦ੍ਰਿਸ਼ ਚਿਤਰਣ ਕਰਦਾ। ਫੇਰ ਕਹਾਣੀ ਨੂੰ ਸ਼ੁਰੂ ਕਰਕੇ ਸਿਖਰ ਉਤੇ ਲੈ ਜਾਂਦਾ। ਕਹਾਣੀ ਦਾ ਅੰਤ ਇੱਕ ਝਟਕੇ ਨਾਲ ਹੁੰਦਾ। ਉਸ ਕਿਸਮ ਦੀ ਕਹਾਣੀ ਦੀ ਮਿਆਦ ਲੰਘ ਚੁੱਕੀ ਹੈ। ਅੱਜ ਦੀ ਕਹਾਣੀ ਨਾਟਕੀ ਢੰਗ ਨਾਲ ਸ਼ੁਰੂ ਹੁੰਦੀ ਹੈ। ਜ਼ਰੂਰੀ ਨਹੀਂ ਉਹਦਾ ਕੋਈ ਕਲਾਈਮੈਕਸ ਹੋਵੇ। ਇਹ ਵੀ ਜ਼ਰੂਰੀ ਨਹੀਂ ਕਿ ਉਹ ਕਿਸੇ ਝਟਕੇ ਨਾਲ ਖਤਮ ਹੋਵੇ। ਅੱਜ ਦੀ ਕਹਾਣੀ ਜ਼ਿੰਦਗੀ ਦੇ ਨਾਲ-ਨਾਲ ਤੁਰਦੀ ਹੈ। ਕਹਾਣੀ ਦਾ ਖੁੱਲਾ-ਮੂੰਹ ਰਹਿ ਜਾਣਾ ਸੁਭਾਵਕ ਹੀ ਹੈ।ਇਸੇ ਤਕਨੀਕ ਨੂੰ ਮੈਂ ਹੋਰ ਕੁੱਝ ਕਹਾਣੀਆਂ ਵਿੱਚ ਵੀ ਵਰਤਿਆ ਹੈ।
? ਤੇ ਦੇਵਤਾ ਪ੍ਰਸੰਨ ਸੀ  ਕਹਾਣੀ ਤੁਹਾਡੇ ਖੇਤਰ ਤੋਂ ਬਾਹਰ ਦੀ ਕਹਾਣੀ ਹੈ? ਉਸ ਦੀ ਉਤਪਤੀ ਕਿਵੇਂ ਹੋਈ?
-ਇੱਕ ਵਾਰ ਮੈਂ ਦਿੱਲੀ ਸ਼੍ਰੀ ਮਤੀ ਵਿਜੈ ਚੌਹਾਨ ਦੇ ਘਰ ਬੈਠਾ ਸਾਂ। ਗੁਰਦਾਸਪੁਰ ਜਿਲ੍ਹੇ ਦੇ ਪਿੰਡ ਦੀਨਾਨਗਰ ਵਿਖੇ ਇੱਕ ਆਦਮੀ ਵੱਲੋਂ ਆਪਣੇ ਦੋ ਪੁੱਤਰਾਂ ਦੀ ਨਰਬਲੀ ਦੇਣ ਬਾਰੇ ਗੱਲ ਚੱਲ ਰਹੀ ਸੀ। ਵਿਜੈ ਚੌਹਾਨ ਹੈਰਾਨ ਸੀ ਕਿ ਸਦੀਆਂ ਪੁਰਾਣੇ ਜ਼ਮਾਨੇ ਦੀਆਂ ਘਟਨਾਵਾਂ ਅੱਜ਼ ਦੇ ਸਮੇ ਵਿੱਚ ਵੀ ਕਿਉਂ ਵਾਪਰ ਰਹੀਆਂ ਸਨ। ਉਹ ਚਾਹੁੰਦੀ ਸੀ ਕਿ ਨਰਬਲੀ ਦੇ ਵਿਰੁਧ ਕੋਈ ਕਹਾਣੀ ਲਿਖੀ ਜਾਵੇ। ਕਹਾਣੀ ਲਿਖਣ ਲਈ ਮੈਨੂੰ ਕਿਹਾ ਗਿਆ। ਇਸ ਕਹਾਣੀ ਵਿੱਚ ਪਿੰਡ ਦੇ ਸਾਨ੍ਹ ਵਾਂਗ ਛੱਡੇ ਨੌਜਵਾਨ ਵਾਲੀ ਘਟਨਾ ਮੈਂ ਪੁਰਾਤਨ ਬਿਸ਼ਨੋਈ ਸਭਿਆਚਾਰ ਵਿੱਚੋਂ ਲਈ। ਬਾਕੀ ਦੀ ਸਾਰੀ ਕਹਾਣੀ ਕਲਪਨਾਤਮਿਕ ਹੈ। ਇਸ ਕਹਾਣੀ ਦਾ ਉਦੇਸ਼ ਇਹੀ ਬਣਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਪਹਿਲਾਂ ਹੈ ਅਤੇ ਰਸਮੋਂ-ਰਿਵਾਜ ਦੇਵੀ-ਦੇਵਤੇ ਅਤੇ ਧਾਰਮਿਕ ਰਹੁ ਰੀਤਾਂ ਵਾਧੂ ਦੀਆਂ ਗੱਲਾਂ ਹਨ।
? ਅਧੂਰੀ ਬਹਿਸ ਦਾ ਜ਼ਹਿਰ  ਤੁਹਾਡੀ ਕਹਾਣੀ ਰੂਪਕ ਪੱਖੋਂ ਅਲੱਗ ਕਿਸਮ ਦੀ ਹੈ। ਇਸ ਬਾਰੇ ਚਾਨਣਾ ਪਾਓ?
-ਦੇਖ ਬਲਰਾਜ, ਪਾਠਕ ਜਿੱਥੇ ਇੱਕੋ ਵਿਸ਼ੇ ਦੀਆਂ ਟਾਈਪ ਹੋ ਚੁੱਕੀਆਂ ਕਹਾਣੀਆਂ ਪੜ੍ਹਨਾ ਪਸੰਦ ਨਹੀਂ ਕਰਦਾ। ਉਥੇ ਰੂਪ ਪੱਖੋਂ ਵੀ ਉਹ ਵੰਨਗੀ ਚਾਹੁੰਦਾ ਹੈ। ਜਿਸ ਕਹਾਣੀ ਦਾ ਤੁਸੀਂ ਜ਼ਿਕਰ ਕੀਤਾ ਹੈ। ਉਸ ਕਹਾਣੀ ਵਿੱਚ ਲੇਖਕ ਅਤੇ ਪਾਠਕ ਵੀ ਪਾਤਰ ਹਨ। ਇਸ ਰੂਪ ਦੀ ਕਹਾਣੀ ਮੈਂ ਪਹਿਲਾਂ ਕਿਸੇ ਹੋਰ ਲੇਖਕ ਦੀ ਨਹੀਂ ਪੜ੍ਹੀ ਸੀ। ਮੈਂ ਇਸ ਤਰ੍ਹਾਂ ਦੇ ਛੋਟੇ ਮੋਟੇ ਤਜ਼ਰਬੇ ਆਪਣੀਆਂ ਹੋਰ ਕਹਾਣੀਆਂ ਵਿੱਚ ਵੀ ਕਰਦਾ ਰਹਿੰਦਾ ਹਾਂ। ਦਿਮਾਗ ਵਿੱਚ ਕਈ ਨਵੀਂਆਂ ਫੌਰਮਾਂ ਆਉਂਦੀਆਂ ਹਨ। ਅਜਿਹਾ ਕੁੱਝ ਪਾਠਕ ਦੀ ਦਿਲਚਸਪ ਲਈ ਹੀ ਕਰਦਾ ਹਾਂ।
? ਕਿਵੇਂ ਲਗਿਆ ਇੰਗਲੈਂਡ  ਸਫਰਨਾਮਾ ਨਾ ਹੋ ਕੇ ਕਿਸੇ ਹੋਰ ਵਿਧਾ ਦਾ ਪ੍ਰਭਾਵ ਦਿੰਦੀ ਹੈ ਅਜਿਹਾ ਕਿਉਂ?
-ਮੇਰੀ ਪੁਸਤਕ ਕਿਵੇਂ ਲੱਗਿਆ ਇੰਗਲੈਂਡ  ਰਵਾਇਤੀ ਸਫਰਨਾਮਾ ਨਹੀਂ ਹੈ। ਇਹ ਪੁਸਤਕ ਲਿਖਣ ਤੋਂ ਪਹਿਲਾਂ ਮੇਰੀ ਕੋਈ ਤਿਆਰੀ ਨਹੀਂ ਸੀ। ਮੈਂ ਜਿਨ੍ਹਾਂ ਜਿਨ੍ਹਾਂ ਥਾਵਾਂ ਉਤੇ ਗਿਆ, ਜਿਹੜੇ ਫੰਕਸ਼ਨ ਮੇਰੀ ਆਮਦ ਵਿੱਚ ਕੀਤੇ ਗਏ ਅਤੇ ਜਿਨ੍ਹਾਂ ਘਰਾਂ ਵਿੱਚ ਮੈਂ ਰਿਹਾ। ਜੋ ਪ੍ਰਭਾਵ ਅੱਖੀਂ ਦੇਖੇ ਅਤੇ ਕੰਨੀ ਸੁਣੇ ਸਨ। ਉਹਨਾਂ ਸਭ ਬਾਰੇ ਇੰਝ ਲਿਖਦਾ ਰਿਹਾ ਜਿਵੇਂ ਆਪਣੇ ਕਿਸੇ ਸਾਥੀ ਨੂੰ ਇੰਗਲੈਂਡ ਬਾਰੇ ਗੱਲਾਂ ਦੱਸ ਰਿਹਾ ਹੋਵਾਂ। ਫੇਰ ਵੀ ਕੁੱਝ ਲੋਕਾਂ ਦੀ ਰਾਏ ਸੀ ਇੱਗਲੈਂਡ ਜਾਣ ਤੋਂ ਪਹਿਲਾਂ ਉਹਨਾਂ ਲਈ ਇਹ ਪੁਸਤਕ ਪੜ੍ਹਨੀ ਬਹੁਤ ਜ਼ਰੂਰੀ ਹੈ।
? ਤੁਸੀਂ ਤਾਂ ਗਲ -ਗਲ ਤੱਕ ਗਲਪ ਸਾਹਿਤ ਵਿੱਚ ਖੁੰਭੇ ਹੋਏ ਸੀ। ਫਿਰ ਸਾਡੇ ਸਮਾਜ ਨਿਰਮਾਤਾ  ਵਰਗੀ  ਖੋਜ ਨਿੰਬਧ ਪੁਸਤਕ ਲਿਖਣ ਬਾਰੇ ਵਿਚਾਰ ਕਿਵੇਂ ਆਇਆ? ਗੂਰੂ ਸਾਹਿਬਾਨ, ਟੈਗੋਰ, ਮੁਨਸ਼ੀ ਪ੍ਰੇਮ ਚੰਦ, ਸਤਿਗੁਰੂ ਰਾਮ ਸਿੰਘ ਅਤੇ ਭਗਤ ਪੂਰਨ ਸਿੰਘ ਜਿਹੀਆਂ ਅਜ਼ੀਮ ਸਖਸ਼ੀਅਤਾਂ ਬਾਰੇ ਲਿਖਣ ਲਈ ਕਿੰਨਾ ਕੁ ਸਟੱਡੀ ਕੀਤਾ?
-ਇਹ ਪੁਸਤਕ ਚੌਦਾਂ-ਅਠਾਰਾਂ ਸਾਲ ਦੇ ਉਮਰ ਗੁੱਟ ਲਈ ਹੈ। ਇਹ ਪ੍ਰੋਜੈਕਟ ਮੈਨੂੰ ਪੰਜਾਬੀ ਐਕਾਡਮੀ ਦਿੱਲੀ ਨੇ ਦਿੱਤਾ ਸੀ। ਜਿਸ ਵਿੱਚ ਪੰਦਰਾਂ ਉਹਨਾਂ ਮਹਾਂ ਪੁਰਸ਼ਾਂ ਦੀਆਂ ਸੰਖੇਪ ਜੀਵਣੀਆਂ ਹਨ, ਜਿਨ੍ਹਾਂ ਨੇ ਸਮਾਜ ਲਈ ਕੁੱਝ ਨਵਾਂ ਕੀਤਾ। ਸਤਿਗਰੂ ਰਾਮ ਸਿੰਘ ਜੀ ਨੇ ਸਿੱਖਾਂ ਲਈ ਅਨੰਦ ਕਾਰਜ਼ ਦੀ ਰਸਮ ਸ਼ੁਰੂ ਕੀਤੀ। ਗੁਰੂ ਅੰਗਦ ਦੇਵ ਜੀ ਨੇ ਲੰਗਰ ਦੀ ਪ੍ਰਥਾ ਤੋਰੀ। ਮੁਨਸ਼ੀ ਪ੍ਰੇਮ ਚੰਦ ਨੇ ਪੇਂਡੂ ਜੀਵਨ ਬਾਰੇ ਪਹਿਲੀ ਵਾਰ ਸਹੀ ਤਸਵੀਰ ਪੇਸ਼ ਕੀਤੀ ਅਤੇ ਭਗਤ ਪੂਰਨ ਸਿੰਘ ਨੇ ਲੋਕਾਂ ਤੋਂ ਪੈਸਾ-ਪੈਸਾ ਮੰਗ ਕੇ ਹਜ਼ਾਰਾਂ ਬੇਸਹਾਰਾਂ ਲੋਕਾਂ ਦੀ ਸਹਾਇਤਾ ਕੀਤੀ। ਇਹ ਪੰਦਰਾਂ ਲੇਖ ਲਿਖਣ ਲਈ। ਮੈਨੂੰ ਬੀਹ ਕਿਤਾਬਾਂ ਪੜ੍ਹਨੀਆਂ ਪਈਆਂ। 
? ਕੋਠੇ ਖੜਕ ਸਿੰਘ  ਉਤੇ ਟੈਲੀ ਫਿਲਮ ਕਹਾਨੀ ਏਕ ਗਾਂਉ ਕੀ  ਬਣੀ ਸੀ ਤੇ ਹੁਣ ਪਰਤਾਪੀ  ਉਤੇ ਜ਼ੀ ਟੀਵੀ ਨੇ ਆਪਣੇ ਐਲਫਾਂ ਚੈਨਲ ਰਾਹੀਂ ਸੀਰੀਅਲ ਬਣਾ ਕੇ ਪੇਸ਼ ਕੀਤਾ ਹੈ। ਕਿਵੇਂ ਮਹਿਸ਼ੂਸ ਕਰਦੇ ਹੋ?
-ਬਿਜਲੀ ਉਪਕਰਨਾ ਦਾ ਪ੍ਰਭਾਵ ਸਾਰੇ ਸੰਸਾਰ ਉਤੇ ਪੂਰੀ ਤਰ੍ਹਾਂ ਛਾਹ ਗਿਆ ਹੈ। ਸਵੇਰ ਤੋਂ ਸ਼ਾਮ ਤੱਕ ਅਤੇ ਸ਼ਾਮ ਤੋਂ ਗਈ ਰਾਤ ਤੱਕ ਜਨਤਾ ਟੀਵੀ ਮੂਹਰੇ ਬੈਠੀ ਰਹਿੰਦੀ ਹੈ। ਡਰ ਵਰਗਾ ਅਹਿਸਾਸ ਹੁੰਦਾ ਹੈ। ਜਿਵੇਂ ਕਿਤਾਬ ਨੂੰ  ਤਾਂ ਕੋਈ ਹੱਥ ਹੀ ਨਹੀਂ ਲਾਉਂਦਾ ਹੋਵੇਗਾ। ਉਂਝ ਵੀ ਦੇਖਿਆ ਗਿਆ ਹੈ ਕਿ ਸਾਹਿਤ ਵਿੱਚ ਨਾਟਕ ਸਭ ਤੋਂ ਵੱਧ ਪ੍ਰਭਾਵ ਛੱਡਦਾ ਹੈ। ਦੂਜੇ ਨੰਬਰ ਉਤੇ ਉਹ ਕਵਿਤਾ ਆਉਂਦੀ ਹੈ ਜੋ ਸਟੇਜ਼ ਉਤੇ ਪੇਸ਼ ਕੀਤੀ ਜਾਵੇ। ਨਾਵਲ ਕਹਾਣੀਆਂ ਤਾਂ ਤੀਜੇ ਚੌਥੇ ਪੌੜੀ ਦੇ ਡੰਡੇ ਹਨ। ਪਰਤਾਪੀ  ਕਿਸੇ ਨੇ ਪੜ੍ਹਿਆ ਹੋਵੇ ਜਾਂ ਨਾ ਪੜ੍ਹਿਆ ਹੋਵੇ। ਪਰ ਮੇਰੇ ਕੋਲ ਇਸ ਦੇ ਸੀਰੀਅਲ ਦੀ ਗੱਲ ਬਹੁਤ ਲੋਕਾਂ ਨੇ ਕੀਤੀ ਹੈ। ਇਹ ਵੱਖਰੀ ਗੱਲ ਹੈ ਕਿ ਫਿਲਮਾਂ ਵਾਲੇ ਸਾਹਿਤਕ ਰਚਨਾ ਦਾ ਨਾਸ ਜਿਹਾ ਮਾਰ ਦਿੰਦੇ ਹਨ। ਨਾ ਉਹ ਬਝਵੀਂ ਕਹਾਣੀ, ਨਾ ਉਹ ਡਾਇਲਾਗ ਅਤੇ ਨਾ ਉਹ ਪੇਸ਼ਕਾਰੀ।
? ਤੁਹਾਡੀਆਂ ਕੁੱਝ ਕਿਤਾਬਾਂ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਏ ਹਨ?
-ਹਾਂ, ਮੇਰੀਆਂ ਸੌ ਤੋਂ ਉਤੇ ਕਹਾਣੀਆਂ ਹਿੰਦੇ ਦੇ ਪ੍ਰਸਿਧ ਪੱਤਰਾਂ ਵਿੱਚ ਛੱਪ ਚੁੱਕੀਆਂ ਹਨ। ਹਿੰਦੀ ਵਾਲਿਆਂ ਨੇ ਮੇਰੇ ਚਾਰ ਨਾਵਲ ਅਤੇ ਪੰਜ ਕਹਾਣੀ ਸੰਗ੍ਰਹਿ ਵੀ ਛਾਪੇ ਹਨ। ਇਉਂ ਹੀ ਗੁਜਰਾਤੀ ਵਿੱਚ ਵੀ ਮੇਰੇ ਕੁੱਝ ਕਹਾਣੀ ਸੰਗ੍ਰਹਿ ਛਪੇ ਹਨ। ਮੇਰੀਆਂ ਇੱਕੀ ਚੋਣਵੀਆਂ ਕਹਾਣੀਆਂ ਦਾ ਅੰਗਰੇਜ਼ੀ ਸੰਗ੍ਰਹਿ Wrinkles ਵੀ ਪ੍ਰਕਾਸ਼ਤ ਹੋਇਐ। ਪਿਛੇ ਜਿਹੇ ਲਾਹੌਰ ਦੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਵਿਭਾਗ ਵੱਲੋਂ ਮੇਰੇ ਨਾਵਲ ਜ਼ਖਮੀ ਅਤੀਤ  ਨੂੰ  ਸ਼ਾਹਮੁਖੀ ਲੀਪੀ ਵਿੱਚ ਛਾਪਿਆ ਗਿਆ ਹੈ। ਇਹ ਬਹੁਤ ਚੰਗੀ ਗੱਲ ਹੋਈ ਹੈ। ਪਾਕਸਤਾਨ ਵਿੱਚ ਗੁਰਮੁਖੀ ਪੜ੍ਹਨ ਵਾਲੇ ਮਸਾਂ ਹੀ ਕਿਧਰੇ ਮਿਲਣਗੇ। ਇਸ ਤਰ੍ਹਾਂ ਸਾਡੇ ਪੰਜਾਬ ਵਿੱਚ ਸ਼ਾਹਮੁਖੀ ਲਿਪੀ ਨੂੰ ਨਵੀਂ ਪੀੜੀ ਨਹੀਂ ਜਾਣਦੀ। ਇਸ ਤਰ੍ਹਾਂ ਦੋਨੋ ਪਾਸੇ ਕਿਤਾਬਾਂ ਛਪਦੀਆਂ ਰਹਿਣ ਤਾਂ ਅਸੀਂ ਦੋਵਾਂ ਮੁਲਖਾਂ ਦੇ ਪੰਜਾਬੀ ਇੱਕ ਦੂਜੇ ਦੀਆਂ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਤੋਂ ਵਾਕਫ ਹੁੰਦੇ ਰਹਾਂਗੇ।
? 1987 ਵਰ੍ਹੇ ਵਿੱਚ ਤਹਾਨੂੰ ਕੋਠੇ ਖੜਕ ਸਿੰਘ  ਨਾਵਲ ਲਈ ਭਾਰਤੀ ਸਾਹਿਤ ਅਕਾਡਮੀ ਦਾ ਐਵਾਰਡ ਮਿਲਿਆ ਸੀ। ਇਸ ਤੋਂ ਇਲਾਵਾਂ ਹੋਰ ਕਿਹੜੇ ਕਿਹੜੇ ਪੁਰਸਕਾਰ ਮਿਲੇ?
-ਭਾਸ਼ਾਂ ਵਿਭਾਗ ਵੱਲੋਂ 79-89-93 ਦੇ ਇਨਾਮ, 1983 ਬਲਾਰਜ ਸਾਹਨੀ ਐਵਾਰਡ, 1990 ਭਾਰਤੀਯ ਭਾਸ਼ਾ ਪਰੀਸ਼ਦ, 1992 ਕਰਤਾਰ ਸਿੰਘ ਧਾਲੀਵਾਲ ਐਵਾਰਡ, 1993 ਬਾਬਾ ਫਰੀਦ ਐਵਾਰਡ।
? ਤੁਹਾਡੀਆਂ ਤਕਰੀਬਨ ਸਾਰੀਆਂ ਰਚਨਾਵਾਂ ਆਂਚਲਿਕ ਹਨ। ਮਾਲਵੇ ਤੋਂ ਬਾਹਰ ਨਹੀਂ ਜਾਂਦੀਆਂ, ਅਜਿਹਾ ਕਿਉਂ?
-ਲੇਖਕ ਆਪਣੇ ਆਲੇ-ਦੁਆਲੇ ਨੂੰ ਹੀ ਬਾਖੂਬੀ ਬਿਆਨ ਕਰ ਸਕਦਾ ਹੈ ਇਹੀ ਵਜ੍ਹਾ ਹੈ ਕਿ ਮੈਂ ਆਪਣੇ ਪਿੰਡਾਂ ਦਾ ਮਾਹੌਲ ਆਪਣੀਆਂ ਰਚਨਾਵਾਂ ਵਿੱਚ ਚਿਤਰਿਆ ਹੈ। ਬਲਰਾਜ ਤੂੰ ਵੀ ਤਾਂ ਅਣਲੱਗ  ਵਿੱਚ ਬਰਮਿੰਘਮ ਦਾ ਹੀ ਜ਼ਿਕਰ ਕੀਤਾ ਹੈ। ਸਾਡੇ ਪਿੰਡ ਦੇ ਅੱਠ ਅਗਵਾੜ ਹਨ। ਸਾਡਾ ਆਪਣਾ ਅਗਵਾੜ ਤੇ ਨਾਲ ਦੇ ਦੋ ਅਗਵਾੜ ਹੀ ਅਸਲ ਵਿੱਚ ਤਾਂ ਮੇਰੇ ਪਾਤਰਾਂ ਦਾ ਸੰਸਾਰ ਹੈ। ਇਹੀ ਨਹੀਂ ਮੇਰੇ ਰਚਨਾ ਸੰਸਾਰ ਲਈ ਮੇਰੇ ਆਪਣੇ ਅਗਵਾੜ ਦੇ 40 ਘਰ ਹੀ ਮੈਥੋਂ ਨਹੀਂ ਮੁਕਦੇ।
? ਕੋਠੇ ਖੜਕ ਸਿੰਘ, ਪਰਤਾਪੀ  ਅਤੇ ਦੁੱਲੇ ਦੀ ਢਾਬ  ਵਿੱਚ ਕੋਈ ਵੀ ਸੈਂਟਰਲ ਕਰੈਕਟਰ ਨਹੀਂ ਹੈ। ਅਜਿਹਾ ਕਿਉਂ?
-ਅੱਜ ਦੀ ਜ਼ਿੰਦਗੀ ਦੇ ਬਹੁਪੱਖੀ ਪਾਸਾਰ ਹਨ। ਮਨੁੱਖ ਦਾ ਆਦਰਸ਼ ਕੋਈ ਇੱਕ ਵਿਅਕਤੀ ਨਹੀਂ ਹੈ ਇਸ ਕਰਕੇ ਮੇਰੇ ਨਾਵਲਾਂ ਵਿੱਚ ਕੋਈ ਇੱਕ ਪਾਤਰ ਬਹੁਤ ਉਭਰ ਕੇ ਪੇਸ਼ ਨਹੀਂ ਹੁੰਦਾ। ਕਿਸੇ ਸਮੇਂ ਕੋਈ ਮੁੱਖ ਪਾਤਰ ਲੱਗਦਾ ਹੈ ਤੇ ਕਿਸੇ ਸਮੇਂ ਕੋਈ ਹੋਰ। ਨਾਇਕ ਪ੍ਰਧਾਨ ਰਚਨਾਵਾਂ ਫਿਲਮੀ ਜਿਹੀਆਂ ਲੱਗਣ ਲੱਗਦੀਆਂ ਹਨ। 
? ਚਾਨਣ ਚਿੱਟੇ ਰਾਹ ਹਾਣੀਆਂ  ਵਰਗੇ ਗੀਤ ਤੋਂ ਲੈ ਕੇ ਤੁਸੀਂ ਮਲ੍ਹੇ ਝਾੜੀਆਂ, ਸਾਹਿਤਕ ਸਵੈ ਜੀਵਨੀ, ਲੇਖ, ਪੱਤਰਕਾਰੀ, ਮੈਂ ਤਾਂ ਬੋਲਾਂਗੀ, ਸਾਡੇ ਕਹਾਣੀਕਾਰ  ਤੇ ਦੁੱਲੇ ਦੀ ਢਾਬ  ਤੱਕ ਲਿੱਖ-ਲਿੱਖ ਗਰੇ ਲਾ ਦਿੱਤੇ। ਕਦੇ ਥੱਕਦੇ ਨਹੀਂ।
-ਥੱਕ ਜਾਈਦੈ। ਪਰ ਕੀੜੀਆਂ ਦੇ ਖੁਰਾਕ ਇਕੱਠੀ ਕਰਨ ਵਾਂਗ ਹੌਲੀ-ਹੌਲੀ ਲੱਗੇ ਰਹੀਦਾ ਹੈ।
? ਅਜੌਕੀ ਕਹਾਣੀ ਅਤੇ ਕਹਾਣੀਕਾਰਾਂ ਬਾਰੇ ਵਿਚਾਰ ਕੀ ਹੈ?
-ਪੰਜਾਬੀ ਕਹਾਣੀ ਵਿੱਚ ਭਾਰਤੀ ਪੱਧਰ ਉਤੇ ਪਹੁੰਚਣ ਦੀਆਂ ਸੰਭਾਵਨਾਵਾਂ ਹਨ। ਪੰਜਾਬੀ ਦਾ ਨਾਵਲ ਭਾਰਤੀ ਪੱਧਰ ਉਤੇ ਆਪਣੀ ਪਹਿਚਾਣ ਨਹੀਂ ਬਣਾ ਸਕਿਆ। ਪੰਜਾਬੀ ਕਵਿਤਾ ਦਾ ਚੰਗਾ ਸਥਾਨ ਹੈ। ਪਰ ਪੰਜਾਬੀ ਕਹਾਣੀ ਅਨੁਵਾਦ ਹੋ ਕੇ ਜਦੋਂ ਹਿੰਦੀ ਵਿੱਚ ਛਪਦੀ ਹੈ ਅਤੇ ਹਿੰਦੀ ਤੋਂ ਅਗਾਂਹ ਦੂਜੀਆਂ ਭਾਰਤੀ ਭਾਸ਼ਾਵਾਂ ਵਿੱਚ ਜਾਂਦੀ ਹੈ ਤਾਂ ਆਪਣਾ ਉਚਿਤ ਸਥਾਨ ਪ੍ਰਾਪਤ ਕਰਦੀ ਹੈ। ਕਿਹਾ ਜਾਂਦਾ ਹੈ ਕਿ ਪੰਜਾਬੀ ਕਹਾਣੀ ਵਿਸ਼ਵ ਪੱਧਰ ਦੀ ਲਿਖੀ ਜਾ ਰਹੀ ਹੈ। ਇਹ ਬਿਆਨ ਤਦ ਹੀ ਸਾਬਤ ਹੋਵੇਗਾ ਜੇ ਪੰਜਾਬੀ ਕਹਾਣੀ ਅੰਗਰੇਜ਼ੀ ਅਤੇ ਫਰੈਂਚ ਜਿਹੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਆਵੇ। ਉਂਝ ਪੰਜਾਬੀ ਦੇ ਨਵੇਂ ਕਹਾਣੀਕਾਰ ਪਹਿਲਿਆਂ ਨਾਲੋਂ ਜ਼ਿਆਦਾ ਮਿਹਨਤ ਕਰਕੇ ਬੜੇ ਉਚ ਪੱਧਰ ਦੀਆਂ ਕਹਾਣੀਆਂ ਲਿਖ ਰਹੇ ਹਨ।
? ਨਵੇਂ ਕਹਾਣੀਕਾਰਾਂ ਨੂੰ ਸੰਦੇਸ਼?
-ਨਵੇਂ ਕਹਾਣੀਕਾਰਾਂ ਬਾਰੇ ਦੋ ਗੱਲਾਂ ਬਹੁਤ ਜ਼ਰੂਰੀ ਹਨ ਇੱਕ ਤਾਂ ਉਹ ਆਪਣੀ ਭਾਸ਼ਾ ਦੇ ਚੰਗੇ ਕਹਾਣੀਕਾਰਾਂ ਨੂੰ ਪੜ੍ਹਦੇ ਰਹਿਣ ਹੋ ਸਕੇ ਤਾਂ ਦੂਜੀਆਂ ਭਾਸ਼ਾਵਾਂ ਦੇ ਕਹਾਣੀਕਾਰਾਂ ਨੂੰ ਵੀ ਪੜ੍ਹਨ। ਦੂਜੀ ਜ਼ਰੂਰੀ ਗੱਲ ਇਹ ਹੈ ਕਿ ਜਿਸ ਖੇਤਰ ਬਾਰੇ ਉਹ ਲਿਖਣ ਉਸ ਜ਼ਿੰਦਗੀ ਦੀ ਉਹਨਾਂ ਨੂੰ ਪੂਰੀ ਸਮਝ ਹੋਵੇ। ਨਵੇਂ ਕਹਾਣੀਕਾਰ ਘੱਟ ਲਿਖਣ, ਪੜ੍ਹਨ ਬਹੁਤਾ।

****

2 comments:

  1. ਬਲਰਾਜ, ਅਣਖੀ ਸਾਹਿਬ ਨਾਲ ਇੰਟਰਵਿਊ ਕਰਕੇ ਚੰਗਾ ਚਾਨਣਾ ਪਾਤਾ,ਚਿਰਾਂ ਤੋਂ ਤਾਂਘ੍ਹ ਸੀ ਅਣਖੀ ਸਾਹਿਬ ਬਾਰੇ ਜਾਨਣ ਦੀ, ਅੱਜ ਦੇ ਯੁਗ ਦਾ ਮੁਹਰਲੀਆਂ ਸਫਾਂ 'ਚ ਆਉਣ ਵਾਲੇ ਲਿਖਾਰੀ ਹਨ ਅਣਖੀ ਸਾਹਿਬ, ਤੇਨੂੰ ਧੰਨਵਾਦ ਕਹਿਣ ਦੀ ਲਾਲਸਾ ਹੈ ।

    ReplyDelete
  2. Thnx bhaji.. tusin eh purani interview blog te paa ke saarthik kadam chukkea hai.. dadaji tuhadian gallan apni bahar-feri dauran sunaunde kissean ch krde rehnde san..

    ReplyDelete