ਗੀਤ ਉਹ ਹੁੰਦੈ ਜੋ ਇਨਸਾਨ ਦੀ ਰੂਹ ਨੂੰ ਛੂਹ ਲਵੇ: ਅੰਗਰੇਜ਼ ਅਲੀ


ਬਲਰਾਜ ਸਿੱਧੂ ਨਾਲ ਅੰਗਰੇਜ਼ ਅਲੀ ਦੀ ਇਕ ਮੁਲਾਕਾਤ
ਬਲਰਾਜ: ਅੰਗਰੇਜ਼ ਤੇਰੇ ਗਾਇਕੀ ਦੇ ਸਫਰ ਨੂੰ ਸ਼ੁਰੂ ਹੋਇਆਂ ਕਈ ਸਾਲ ਹੋ ਗਏ ਹਨ। ਤੂੰ ਪਿਛੇ ਮੁੜ ਕੇ ਨਹੀਂ ਦੇਖਿਆ।ਲਿਆ ਤੇਰੀ ਪਿਛਲ ਝਾਤ ਮਰਵਾਈਏ ਤੇ ਗੱਲ ਤੇਰੇ ਪਿਛੋਕੜ ਤੋਂ ਸ਼ੁਰੂ ਕਰੀਏ?
ਅੰਗਰੇਜ਼: ਬਾਈ ਜੀ, ਇਹ ਗੱਲ ਦਰੁਸਤ ਨਹੀਂ ਕਿ ਮੈਂ ਪਿਛੇ ਮੁੜ ਕੇ ਨਹੀਂ ਦੇਖਿਆ।ਮੈਂ ਆਪਣੇ ਪਿਛੋਕੜ ਨੂੰ ਕਦੇ ਨਹੀਂ ਭੁਲਾਇਆ।ਪਿਛੋਕੜ ਨੂੰ ਭੁਲਾਉਣ ਵਾਲਾ ਆਪਣਾ ਭਵਿਖ ਨਹੀਂ ਸੁਆਰ ਸਕਦਾ। ਮੇਰਾ ਜਨਮ ਪਿੰਡ ਮਨਸੂਰ ਦੇਵਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਹੈ।ਉਥੋਂ ਦੀਆਂ ਗਲੀਆਂ ਵਿਚ ਖੇਡ ਕੇ ਮੈਂ ਜਵਾਨ ਹੋਇਆ ਹਾਂ।
ਬਲਰਾਜ: ਤੇ ਗਾਇਕੀ ਦੀ ਸ਼ੁਰੂਆਤ ਕਿਵੇਂ ਹੋਈ?
ਅੰਗਰੇਜ਼: ਜਿਵੇਂ ਜੱਟਾਂ ਦੇ ਮੁੰਡੇ ਨੂੰ ਖੇਤੀ ਤੇ ਬਾਣੀਆਂ ਦੇ ਮੁੰਡੇ ਨੂੰ ਹੱਟੀ ਕਰਨੀ ਸਿਖਾਉਣੀ ਨਹੀਂ ਪੈਂਦੀ। ਇਵੇਂ ਅਸੀਂ ਮਰਦਾਨੇ ਕੇ ਹੁੰਦੈ ਹਾਂ। ਗਾਇਕੀ ਸਾਡੇ ਖੂਨ ਵਿਚ ਹੈ।ਇਹਨੂੰ ਅਸੀਂ ਪੀੜ੍ਹੀ ਦਰ ਪੀੜ੍ਹੀ ਪਾਸ ਔਨ ਕਰਦੇ ਰਹਿੰਦੇ ਹਾਂ।
ਅੰਗਰੇਜ਼ ਅਲੀ ਦਾ ਜਨਮ ਹੀ ਗਾਉਣ ਲਈ ਹੋਇਆ ਹੈ।
ਬਲਰਾਜ: ਤੂੰ ਕਿਸਦੀ ਗਾਇਕੀ ਤੋਂ ਪ੍ਰਭਵਿਤ ਹੈਂ?
ਅੰਗਰੇਜ਼: ਹੁਣ ਤਾਂ ਐਨੇ ਹਰਫਨ ਮੌਲਾ ਗਾਇਕਾਂ ਨੂੰ ਸੁਣ ਲਿਆ ਹੈ ਕਿ ਇਸ ਸਵਾਲ ਦਾ ਜੁਆਬ ਦੇਣ ਲੱਗਿਆਂ ਕਈ ਨਾਮ ਰਹਿ ਜਾਣਗੇ। ਹਾਂ ਮੁਢਲੇ ਦਿਨਾਂ ਵਿਚ ਮੈਂ ਕੁਲਦੀਪ ਮਾਣਕ ਸਾਹਿਬ ਦੀ ਗਾਇਕੀ ਤੋਂ ਮੁਤਾਸਰ ਸੀ। ਤੇ ਮੈਂ ਮਾਣਕ ਦੇ ਗੀਤ ਖੇਤਾਂ ਵਿਚ ਬੈਠ ਕੇ ਉੱਚੀ ਉੱਚੀ ਗਾਇਆ ਕਰਦਾ ਸੀ।
ਬਲਰਾਜ: ਪ੍ਰੋਫੈਸ਼ਨਲ ਗਾਇਕੀ ਦੀ ਸ਼ੁਰੂਆਤ ਕਿਵੇਂ ਹੋਈ?
ਅੰਗਰੇਜ਼: ਸ਼ੁਰੂ ਸ਼ੁਰੂ ਵਿਚ ਅਸੀਂ ਤਿੰਨ ਚਾਰ ਮੁੰਡਿਆਂ ਨੇ ਢਾਡੀ ਜਥਾ ਬਣਾਇਆ ਸੀ। ਪ੍ਰੋਗਰਾਮ ਦਾ ਜਿਹੜਾ ਦੋ ਚਾਰ ਸੌ ਮਿਲਦਾ ਸੀ ਉਸੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ।ਅੰਤਾਂ ਦੀ ਗਰੀਬੀ ਹੰਢਾਈ ਹੈ ਮੈਂ।
ਬਲਰਾਜ: ਢਾਡੀ ਕਲਾ ਛੱਡਕੇ ਕਮਰਸ਼ੀਅਲ ਗਾਇਕੀ ਵੱਲ ਆਉਣ ਦਾ ਸਬੱਬ ਕਿਵੇਂ ਬਣਿਆ?
ਅੰਗਰੇਜ਼: ਜਿਵੇਂ ਕਹਿੰਦੇ ਨੇ ਲੋੜ੍ਹ ਕਾਢ ਦੀ ਮਾਂ ਹੂੰਦੀ ਐ।ਸਾਡਾ ਜ਼ੀਰੇ ਪ੍ਰੋਗਰਾਮ ਸੀ ਤੇ ਉਸ ਵੇਲੇ ਜ਼ੀਰੇ ਸਾਹਿਤ ਸਭਾ ਦੇ ਪ੍ਰਧਾਨ ਅਮਰੀਕ ਤਲਵੰਡੀ ਜੀ ਸਨ।ਜੋ ਆਪ ਵਧੀਆ ਗੀਤਕਾਰ ਹਨ। ਉਹਨਾਂ ਨੇ ਮੈਨੂੰ ਪ੍ਰੇਰਿਆ ਕਿ ਮੈਂ ਕਮਰਸ਼ੀਅਲ ਗਾਇਕੀ ਵੱਲ ਆਵਾਂ।ਤਲਵੰਡੀ ਹੋਰਾਂ ਨੇ ਹੀ ਮੇਰਾ ਤੁਆਰਫ ਜਗਦੇਵ ਸਿੰਘ ਜੱਸੋਵਾਲ ਨਾਲ ਕਰਾਉਂਦਿਆਂ ਕਿਹਾ ਸੀ ਕਿ ਇਸ ਮੁੰਡੇ ਨੂੰ ਉੱਤੇ ਚੁੱਕਣਾ ਹੈ ਤੇ ਇਹ ਬੜ੍ਹੇ ਜਾਨਦਾਰ ਖੰਭਾਂ ਵਾਲਾ ਕਬੂਤਰ ਹੈ। ਜਸੋਵਾਲ ਨੇ ਜੁਆਬ ਦਿੱਤਾ ਕਿ ਲਿਆਉ ਇਹਦੀ ਪ੍ਰਫੈਸਰ ਮੋਹਨ ਸਿੰਘ ਮੇਲੇ ਵਿਚ ਉਡਾਰੀ ਲਵਾਕੇ ਦੇਖਦੇ ਹਾਂ। 
ਬਲਰਾਜ: ਫੇਰ ਲਾਈ ਉਡਾਰੀ?
ਅੰਗਰੇਜ਼: ਹਾਂ ਉਥੋਂ ਐਸੀ ਉਡਾਨ ਭਰੀ ਕਿ ਤੁਹਾਡੇ ਸਾਹਮਣੇ ਹੈ ਅਜੇ ਤੱਕ ਅਸਮਾਨ ਵਿਚ ਕਲਾਬਾਜ਼ੀਆਂ ਲਾਉਂਦਾ ਫਿਰਦਾਂ।
ਬਲਰਾਜ: ਗਾਇਕੀ ਦੇ ਸ਼ੁਰੂਆਤੀ ਸਫਰ ਬਾਰੇ ਸੋਚ ਕੇ ਕਿਵੇਂ ਲੱਗਦੈ?
ਅੰਗਰੇਜ਼: ਮੈਨੂੰ ਉਹ ਦਿਨ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਡੈਨਮਾਰਕ ਗਾਉਣ ਲਈ ਦਿੱਲੀ ਜਹਾਜ਼ ਵਿਚ ਬੈਠਾ ਸੀ। ਮੈਨੂੰ ਜਗਦੇਵ ਸਿੰਘ ਜੱਸੋਵਾਲ ਕਹਿਣ ਲੱਗੇ ਅੰਗਰੇਜ਼ ਤੈਨੂੰ ਗੱਡੇ ਤੋਂ ਜਹਾਜ਼ ਦਾ ਸਫਰ ਕਿਵੇਂ ਲੱਗਿਆ? ਮੈਂ ਐਨਾ ਭਾਵੁਕ ਹੋ ਗਿਆ ਕਿ ਮੈਥੋਂ ਆਪਣਾ ਰੋਣਾ ਰੋਕ ਨਾ ਹੋਇਆ। ਕਿਉਂਕਿ ਮੈਂ ਤਾਂ ਕਦੇ ਗੱਡੇ ਉੱਤੇ ਵੀ ਬੈਠ ਕੇ ਨਹੀਂ ਸੀ ਦੇਖਿਆ। ਮੈਂ ਮਿਹਨਤ ਵਿਚ ਵਿਸ਼ਵਾਸ਼ ਰੱਖਦਾ ਹਾਂ। ਮੈਂ ਮਿਹਨਤ ਕੀਤੀ ਹੈ ਤੇ ਦਾਤੇ ਨੇ ਮੈਨੂੰ ਉਸਦਾ ਸਿਲਾ ਦਿੱਤਾ ਹੈ।ਅੱਜ ਉਹੀ ਅੰਗਰੇਜ਼ ਅਲੀ ਬ੍ਰਮਿੰਘਮ ਤੋਂ ਗਲਾਸਗੋ ਸ਼ੋਅ ਕਰਨ ਵੀ ਜਾਂਦਾ ਹੈ ਤਾਂ ਬ੍ਰਿਟਿਸ਼ ਏਅਰਵੇਜ਼ ਦੀ ਫਲਾਇਟ ਵਿਚ ਜਾਂਦੈ।ਮੌਲਾ ਦੀ ਕ੍ਰਿਪਾ ਹੈ।
ਬਲਰਾਜ: ਇਕ ਕਹਾਵਤ ਹੈ ਕਿ ਹਰ ਕਾਮਯਾਬ ਮਰਦ ਦੇ ਪਿਛੇ ਇਕ ਔਰਤ ਦਾ ਹੱਥ ਹੁੰਦਾ ਹੈ ਤੇਰੇ ਪਿਛੇ ਕਿਸਦਾ ਹੱਥ ਹੈ?
ਅੰਗਰੇਜ਼: ਬਾਈ ਇਹ ਕਹਾਵਤ ਮੇਰੇ ਉੱਤੇ ਬਿਲਕੁਲ ਨਹੀਂ ਢੁਕਦੀ।ਮੇਰੀ ਕਾਮਯਾਬੀ ਪਿੱਛੇ ਮੇਰੇ ਦੋਸਤਾਂ ਦਾ ਹੱਥ ਹੈ।ਮੈਂ ਜਦੋਂ ਢਾਡੀਆਂ ਨਾਲ ਗਾਉਂਦਾ ਹੁੰਦਾ ਸੀ ਤਾਂ ਐਨੀ ਹੈਸੀਅਤ ਨਹੀਂ ਸੀ ਕਿ ਚਿੱਟਾ ਕੁੜਤਾ ਪੰਜਾਮਾ ਵੀ ਲੈ ਸਕਦਾ। ਮੈਂ ਦੋਸਤਾਂ ਤੋਂ ਮੰਗ ਕੇ ਲਿਜਾਂਦਾ ਹੁੰਦਾ ਸੀ। ਮੇਰੀ ਪਹਿਲੀ ਟੇਪ ਮੇਰੇ ਦੋਸਤਾਂ ਨੇ ਰਲ੍ਹ ਕੇ ਪੈਸੇ ਪਾ ਕੇ ਰਿਕਾਰਡ ਕਰਵਾਈ।ਪਿਛੇ ਜਿਹੇ ਬਾਰਾਂ ਲੱਖ ਦੀ ਵਿਡੀਉ ਸ਼ੂਟ ਕੀਤੀ ਦੋਸਤਾਂ ਨੇ ਪੈਸਾ ਖਰਚਿਆ।ਰਾਇਟਰ ਦੋਸਤ ਅੰਗਰੇਜ਼ ਅਲੀ ਨੂੰ ਮੁਖ ਰੱਖ ਕੇ ਗੀਤ ਲਿਖਦੇ ਹਨ। ਮੈਂ ਯਾਰੀਆਂ ਹੀ ਕਮਾਈਆਂ। ਯਾਰਾਂ ਦੇ ਖੰਭਾਂ ’ਤੇ ਉਡਿਆਂ ਫਿਰਦਾਂ।ਸਾਰੇ ਦੋਸਤਾਂ ਦਾ ਨਿਜੀ ਤੌਰ ’ਤੇ ਸ਼ੁਕਰੀਆਂ ਅਦਾ ਕਰਨਾ ਸੰਭਵ ਨਹੀਂ ਹੁੰਦਾ ਇਸ ਲਈ ਮੈਂ ਦੋਸਤੀ ਨੂੰ ਸਮਰਪਿਤ ਇਕ ਗੀਤ ਕੀਤਾ ਸੀ। ‘ਕਿਉਂ ਘਬਰਾਉਂਦੀ ਅੜੀਏ ਨੀ, ਜੱਟ ਫੋਕੇ ਫੈਂਟਰ ਨਾ ਮਾਰੇ। ਬੜੀ ਵੱਡੀ ਹੈ ਢਾਣੀ ਜੱਟਾਂ ਦੀ, ਨੀ ਮੈਂ ਦਿਨੇ ਦਿਖਾਦੂੰਗਾ ਤਾਰੇ। ਮੈਨੂੰ ਮਾਣ ਬੜਾ ਹੈ ਉਹਨਾਂ ਤੇ ਜੋ ਮੋਡਾ ਜੋੜ ਕੇ ਨਾਲ ਖੜ੍ਹੇ, ਫੱਟੇ ਚੁੱਕ ਦੇਣਗੇ ਨੀ ਸੁੱਖ ਨਾਲ ਮਿੱਤਰਾਂ ਦੇ ਯਾਰ ਬੜ੍ਹੇ।’ ਸੁੱਖ ਨਾਲ ਰੱਬ ਨੇ ਯਾਰ ਬਹੁਤ ਦਿੱਤੇ ਨੇ।
ਬਲਰਾਜ: ਪੰਜਾਬੀ ਗਾਇਕ ਦਾ ਅਗਲਾ ਕਦਮ ਗਾਇਕੀ ਤੋਂ ਬਾਅਦ ਫਿਲਮਾਂ ਹੁੰਦੀਆਂ ਹਨ ਤੇ ਇਸ ਬਾਰੇ ਤੇਰਾ ਕੀ ਮਨਸੂਬਾ ਹੈ?
ਅੰਗਰੇਜ਼: ਕਿਸਮਤ ਤੋਂ ਜ਼ਿਆਦਾ ਤੇ ਸਮੇਂ ਤੋਂ ਪਹਿਲਾਂ ਇਨਸਾਨ ਨੂੰ ਕੁਝ ਨਹੀਂ ਮਿਲਦਾ।ਜਦੋਂ ਵਕਤ ਆਇਆ ਉਦੋਂ ਆਪੇ ਸਬੱਬ ਬਣ ਜਾਵੇਗਾ। 
ਬਲਰਾਜ: ਗਾਇਕੀ ਤੋਂ ਇਲਾਵਾ ਹੋਰ ਕੀ ਸ਼ੌਂਕ ਹਨ?
ਅੰਗਰੇਜ਼: ਮੈਨੂੰ ਸਪੋਰਟਸ ਦਾ ਬਹੁਤ ਸੌਂਕ ਹੈ। ਮੈਂ ਦੁਨੀਆਂ ਵਿਚ ਕਿਤੇ ਵੀ ਹੋਵਾਂ ਤੜਕੇ ਚਾਰ ਵਜੇ ਉੱਠ ਕੇ ਜੌਗਿੰਗ ਜ਼ਰੂਰ ਕਰਦਾ ਹਾਂ।ਅੱਜ ਤੱਕ ਕਦੇ ਕਿਸੇ ਨਸ਼ੇ ਨੂੰ ਟੱਚ ਨਹੀਂ ਕੀਤਾ। ਖਾਣ ਪੀਣ ਵਿਚ ਪੂਰੀ ਅਹਿਤਆਤ ਰੱਖਦਾ ਹਾਂ ਤੇ ਪੰਜ ਵਕਤ ਦਾ ਪੱਕਾ ਨਮਾਜ਼ੀ ਹਾਂ।ਸਾਹਿਤ ਪੜ੍ਹਨ ਦਾ ਮੈਨੂੰ ਬਹੁਤ ਸ਼ੌਂਕ ਹੈ।ਅਚਾਰੀਆ ਰਜ਼ਨੀਸ਼ ਉਸ਼ੋ, ਵਿਨੋਭਾ ਭਾਵੇ, ਕਾਰਲ ਮਾਰਕਸ, ਰਸੂਲ ਹਮਜ਼ਾਤੋਵ, ਦਲਾਈਲਾਮਾ, ਚੈਖਵ, ਸ਼ੇਕਸਪੀਅਰ, ਹਾਰਡੀ, ਐਨ ਰਾਇਸ ਮੈਂ ਸਭ ਪੜ੍ਹ ਰੱਖੇ ਨੇ।ਇਸ ਤੋਂ ਬਿਨਾ ਪੰਜਾਬੀ ਦਾ ਤਾਂ ਸ਼ਾਇਦ ਹੀ ਕੋਈ ਰਾਇਟਰ ਹੋਵੇ ਜੋ ਮੈਂ ਨਾ ਪੜ੍ਹਿਆ ਹੋਵੇ।ਮੈਂ ਵਧੀਆ ਵਧੀਆ ਕਿਤਾਬਾਂ ਲੱਭ ਕੇ ਪੜ੍ਹਦਾ ਹਾਂ।
ਬਲਰਾਜ: ਗੀਤਾਂ ਦੀ ਚੋਣ ਕਿਵੇਂ ਕਰਦਾ ਹੈਂ?
ਅੰਗਰੇਜ਼: ਬਾਈ ਜੀ ਇਹ ਬਹੁਤ ਵਧੀਆ ਸੁਆਲ ਕੀਤਾ ਹੈ। ਜਦੋਂ ਮੈਂ ਟੇਪ ਕਰਨੀ ਹੁੰਦੀ ਹੈ ਤਾਂ ਘੱਟੋ ਘੱਟ 100 ਗੀਤ ਰੱਖਿਆ ਹੁੰਦਾ ਹੈ। ਮੇਰੇ ਗੀਤਕਾਰ, ਸੰਗੀਤਕਾਰ ਅਮਨ ਹੇਅਰ, ਮੇਰੀ ਕੰਪਨੀ ਮੂਵੀ ਬੌਕਸ ਸਭ ਬੈਠ ਕੇ ਸਲੈਕਟ ਕਰਦੇ ਹਾਂ। ਇਹ ਪੂਰਾ ਟੀਮ ਵਰਕ ਹੁੰਦੈ। ਵਧੀਆ ਗੀਤ ਅਸੀਂ ਰਿਕਾਰਡ ਕਰਦੇ ਹਾਂ ਤੇ ਫਿਰ ਛਾਂਟ ਕੇ ਟੇਪ ਵਿਚ ਬਾਰਾਂ ਗੀਤ ਦਿੰਦੇ ਹਾਂ। ਅਸਲ ਵਿਚ ਅਸੀਂ ਘੱਟੋ ਘੱਟ ਪੰਜਾਹ ਗੀਤ ਕੀਤੇ ਹੁੰਦੇ ਹਨ।ਵਧੀਆ ਗੀਤ ਉਹ ਹੁੰਦਾ ਹੈ ਜੋ ਸਰੋਤੇ ਦੀ ਰੂਹ ਨੂੰ ਛੂਹ ਜਾਵੇ। 
ਬਲਰਾਜ: ਤੂੰ ਕਿੰਨਾ ਕਿਨ੍ਹਾ ਗੀਤਕਾਰਾਂ ਦੇ ਗੀਤ ਗਾਏ ਹਨ?
ਅੰਗਰੇਜ਼: ਪੰਜਾਬੀ ਗਾਇਕੀ ਦੇ ਵਿਚ ਮੈਂ ਇਕ ਪਿਰਤ ਪਾ ਕੇ ਦਿਖਾਈ ਹੈ।ਜਦੋਂ ਮੈਂ ਨਵਾਂ ਸੀ ਮੈਂ ਨਾਮਾਵਰ ਗੀਤਕਾਰਾਂ ਦੇ ਗੀਤ ਗਾਏ, ਦੇਵ ਥਰੀਕੇ, ਦਲਜੀਤ ਧੂੜਕੋਟੀਆਂ, ਵਿਜੇ ਧੰਮੀ, ਮੱਖਣ ਬਰਾੜ, ਅਲਬੇਲ ਬਰਾੜ ਆਦਿ। ਲੇਕਿਨ ਜਦੋਂ ਮੈਂ ਸਥਾਪਿਤ ਹੋ ਗਿਆ ਤਾਂ ਮੈਂ ਨਵੇਂ ਨਵੇਂ ਮੁੰਡੇ ਲੱਭ ਕੇ ਉਹਨਾਂ ਤੋਂ ਗੀਤ ਲਿਖਾਏ ਤੇ ਜਿਦਣ ਗੀਤ ਬਾਹਰ ਆਉਂਦਾ ਸੀ ਤਾਂ ਦੂਜੇ ਗਾਇਕ ਮੈਨੂੰ ਫੋਨ ਕਰਕੇ ਗੀਤਕਾਰ ਦਾ ਨੰਬਰ ਲੈਂਦੇ। ਬੇਲੀ ਬਲਕਰਨ, ਦਵਿੰਦਰ ਧੂੜਕੋਟ, ਨੱਚਦੀ ਦੇ ਅਤੇ ਊਧਮ ਸਿੰਘ ਵਰਗੇ ਹਿੱਟ ਗੀਤ ਲਿਖਣ ਵਾਲੇ ਤੁਸੀਂ ਹੋ। ਤੁਸੀਂ ਜਾਣਦੇ ਹੋ ਮੈਂ ਗੀਤ ਲਿਖਣ ਤੁਹਾਨੂੰ ਕਿੰਨਾ ਪ੍ਰੇਰਿਆ ਹੈ। ਬਹੁਤ ਸਾਰੇ ਗੀਤਕਾਰਾਂ ਦੇ ਨਾਮ ਹੁਣ ਯਾਦ ਨਹੀਂ ਆਉਂਦੇ। ਮੈਂ ਗੀਤਕਾਰ ਨਹੀਂ ਗੀਤ ਦੇਖਦਾ ਹਾਂ। ਇਹ ਧਾਰਨਾ ਗਲਤ ਹੈ ਕਿ ਨਾਮਾਵਰ ਗੀਤਕਾਰ ਹੀ ਵਧੀਆ ਗੀਤ ਲਿਖ ਸਕਦਾ ਹੈ।
ਬਲਰਾਜ: ਤੂੰ ਮੇਰੇ ਲਿਖੇ ਊਧਮ ਸਿੰਘ ਗੀਤ ਨੂੰ ਗਾ ਕੇ ਅਮਰ ਕਰ ਦਿੱਤਾ ਹੈ?
ਅੰਗਰੇਜ਼: ਨਹੀਂ ਬਾਈ ਤੂੰ ਸ਼ਬਦ ਹੀ ਬਹੁਤ ਵਧੀਆ ਲਿਖੇ ਸਨ। ਸ਼ਬਦ ਵਧੀਆ ਹੋਣ ਤਾਂ ਨੈਚਰੂਅਲੀ ਹੈ ਗਾਇਕ ਨੂੰ ਗਾਉਣ ਵਿਚ ਮਜ਼ਾ ਆਉਂਦਾ ਹੈ। ਉਹ ਦਿਲੋਂ ਗਾਉਂਦਾ ਹੈ।ਗੁਰਬਾਣੀ ਕਹਿੰਦੀ ਹੈ, ‘ਨੱਚਣ ਕੁੱਦਣ ਮਨ ਕਾ ਚਾਉ।’ ਵਿਆਹਾਂ ਦੇ ਸਮਾਗਮਾਂ ਵਿਚ ਲੋਕ ਸ਼ਰਾਬੀ ਹੋਏ ਹੁੰਦੇ ਹਨ ਨੱਚ ਕੇ ਮਨੋਰੰਜਨ ਕਰਨਾ ਚਾਹੁੰਦੇ ਹਨ। ਪਰ ਮੈਨੂੰ ਆ ਕੇ ਸਰੋਤੇ ਫਰਮਾਇਸ਼ ਕਰਦੇ ਹਨ ਕਿ ਊਧਮ ਸਿੰਘ ਸੁਣਾ ਅਸੀਂ ਬੈਠ ਕੇ ਸੁਣਦੇ ਹਾਂ ਤੇ ਕਈ ਪ੍ਰੌਗਰਾਮਾਂ ਵਿਚ ਤਾਂ ਅੱਠ ਅੱਠ ਵਾਰੀ ਊਧਮ ਸਿੰਘ ਗਾਉਣਾ ਪੈਂਦਾ ਹੈ। ਯੂ ਟਿਉਬ ’ਤੇ ਵਿਡੀਉਜ਼ ਤੁਸੀਂ ਦੇਖ ਸਕਦੇ ਹੋ।
ਬਲਰਾਜ: ‘ਨੱਚਦੀ ਦੇ’ ਗੀਤ ਆਪਣਾ ਕਾਫੀ ਹਿੱਟ ਰਿਹਾ ਹੈ। ਤੁਹਾਨੂੰ ਇਸ ਗੀਤ ਲਈ ਬ੍ਰਿਟ ਏਸੀਆ ਤੋਂ ਨੌਮੀਨੇਟ ਵੀ ਕੀਤਾ ਗਿਆ ਸੀ ਤੇ ਇੰਡੀਆ ਦੇ ਮਿਊਜ਼ਿਕ ਚੈਨਲਾਂ ਤੋਂ ਐਵਾਰਡ ਵੀ ਮਿਲੇ ਹਨ?
ਅੰਗਰੇਜ਼: ਦਰਅਸਲ ਸਿੱਧੂ ਇਹ ਗੀਤ ਜਦੋਂ 2002 ਵਿਚ ਤੁਾਹਡੇ ਤੋਂ ਲਿਆ ਸੀ। 2004 ਦੇ ਨਵੇਂ ਸਾਲ ਦੇ ਪ੍ਰੋਗਰਾਮ ਵਿਚ ਜਦੋਂ ਮੈਂ ਗਾਇਆ ਤਾਂ ਤਰਥੱਲੀ ਮੱਚ ਗਈ। ਲੋਕ ਮੈਨੂੰ ਪੁੱਛਣ ਲੱਗੇ ਕਿਹੜੀ ਟੇਪ ਵਿਚੋਂ ਇਹ ਗੀਤ ਹੈ। ਇਹ ਤਾਂ ਮੈਂ ਉਦੋਂ ਰਿਕਾਰਡ ਹੀ ਨਹੀਂ ਸੀ ਕਰਵਾਇਆ।ਏਸ ਗੀਤ ਨੂੰ ਪੰਜਾਬੀ ਦੇ ਸਿਰੇ ਦੇ ਅੱਠ ਗਾਇਕਾਂ ਨੇ ਗਾਇਆ ਹੈ। ਮੈਂ ਖੁਦ ਹੀ ਇਹ ਗੀਤ ਚਾਰ ਵਾਰ ਰਿਕਾਰਡ ਕਰਵਾ ਚੁੱਕਿਆ ਹਾਂ।
ਬਲਰਾਜ: ਅੱਗੇ ਕੀ ਆ ਰਿਹਾ ਹੈ?
ਅੰਗੇਰਜ਼: ਮੇਰੀ ਆਪਣੀ ਟੇਪ ਤਿਆਰ ਹੈ। ਜਲਦ ਮਾਰਕੀਟ ਵਿਚ ਆ ਜਾਵੇਗੀ। ਅਜੇ ਨਾਮਕਰਨ ਨਹੀਂ ਕੀਤਾ। ਅਮਨ ਹੇਅਰ ਨੇ ਇਕ ਸ਼ਹੀਦਾਂ ਦਾ ਪ੍ਰੋਜੈਕਟ ਕੀਤਾ ਹੈ। ਕਈ ਗਾਇਕਾਂ ਦੇ ਗੀਤ ਹਨ। ਬਾਈ ਕੇ ਐਸ ਮੱਖਣ ਦਾ ਗੀਤ ਹੈ ਮੇਰੇ ਗੀਤ ਤੇ ਕਲਮ ਤੁਹਾਡੀ (ਬਲਰਾਜ ਸਿੱਧੂ) ਦੀ ਇਸ ਵਿਚ ਸ਼ਾਮਿਲ ਹੈ। ਇਕ ਤੁਹਾਡਾ (ਬਲਰਾਜ ਸਿੱਧੂ) ਸਿਗਲ ਆ ਰਿਹਾ ਹੈ ਜੋ ਅੱਠ ਮਿੰਟ ਦਾ ਗੀਤ ਨਿਰਮਲ ਸਿੱਧੂ ਨੇ ਗਾਇਆ ਹੈ ਤੇ ਉਸ ਵਿਚ ਬੋਲੀਆਂ ਫਿੱਟ ਕੀਤੀਆਂ ਗਈਆਂ ਹਨ। ਜੋ ਪੰਜਾਬੀ ਦੇ ਚੋਟੀ ਦੇ ਸਿੰਗਰਾਂ ਨੇ ਗਾਈਆਂ ਹਨ। ਇਕ ਬੋਲੀ ਮੇਰੀ ਵੀ ਹੈ।ਹੋਰ ਅੱਗੇ ਸਮੇਂ ਤੇ ਸਰੋਤਿਆਂ ਦੀ ਨਬਜ਼ ਫੜ੍ਹ ਕੇ ਕੁਝ ਨਾ ਕੁਝ ਚੰਗਾ ਕਰਾਂਗੇ।
ਬਲਰਾਜ: ਤੈਨੂੰ ਮਿਲਣ ਲਈ ਸੰਪਰਕ ਕਿਵੇਂ ਕਿਤਾ ਜਾ ਸਕਦਾ ਹੈ? 
ਅੰਗਰੇਜ਼: ਅੰਗਰੇਜ਼ ਅਲੀ ਔਨ ਲਾਇਨ ਡੌਟਕਮ। ਫੈਨ ਕਲੱਬ ਜਾਂ ਫੇਸ ਬੁੱਕ ’ਤੇ ਆ ਜਾਉ।

****

No comments:

Post a Comment