ਹਮੇਸ਼ਾਂ ਚੰਗੀ ਸੇਧ ਦੇਣ ਵਾਲੀਆਂ ਫਿਲਮਾਂ ਬਣਾਉਣ ਦੇ ਯਤਨ ਕੀਤੇ ਹਨ ਤੇ ਅੱਗੇ ਤੋਂ ਵੀ ਕਰਦਾ ਰਹਾਂਗਾ..........ਸੁਖਜਿੰਦਰ ਸ਼ੇਰਾ



ਪੰਜਾਬੀ ਫਿਲਮ ਐਕਟਰ,ਡਰਾਇਕਟਰ ਅਤੇ ਪ੍ਰਡਿਊਸਰ ਸੁਖਜਿੰਦਰ ਸ਼ੇਰਾ ਨਾਲ ਬਲਰਾਜ ਸਿੰਘ ਸਿੱਧੂ ਦੀ ਇੱਕ ਮੁਲਾਕਾਤ।


ਪੰਜਾਬੀ ਫਿਲਮ ਨਾਲ ਸੰਬੰਧਿਤ ਹਸਤੀ ਸੁਖਜਿੰਦਰ ਸ਼ੇਰਾ ਕੁਝ ਵਰ੍ਹੇ ਪਹਿਲਾਂ ਆਪਣੀ ਫਿਲਮ ‘ਦੇਹ ਸ਼ਿਵਾ ਵਰ’ ਦੇ ਸਿਲਸਲੇ ਵਿੱਚ ਇੰਗਲੈਂਡ ਆਏ ਹੋਏ ਸਨ। ਸ਼ੇਰਾ ਪਿੰਡ ਮਲਕ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣੇ ਦਾ ਜੰਮਪਲ ਹੈ। ਭਾਵੇਂ ਕਿ ਉਹ ਹੁਣ ਫਿਲਮ ਲਾਇਨ ਨੂੰ ਤਿਲਾਜ਼ਲੀ ਦੇ ਚੁੱਕਾ ਹੈ। ਪਰ ਫੇਰ ਵੀ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹਨ ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਚੋਣਵੇਂ ਅੰਸ਼:-

ਸੁਆਲ:  ਸ਼ੇਰਾ ਜੀ, ਤੁਸੀਂ ਫਿਲਮਾਂ ਵਿੱਚ ਕਦੋਂ ਤੇ ਕਿਵੇਂ ਪ੍ਰਵੇਸ਼ ਕੀਤਾ?
ਜੁਆਬ:  ਸੰਨ 1984 ਵਿੱਚ ਮੇਰੀ ਮੁਲਾਕਾਤ ਸਵਰਗੀ ਵਰਿੰਦਰ ਜੀ ਨਾਲ ਹੋਈ, ਜਿਹੜੀ ਬਾਅਦ ਵਿੱਚ ਗੂੜੀ ਦੋਸਤੀ ਵਿਚ ਬਦਲ ਗਈ। ਵਰਿੰਦਰ ਹੋਰਾਂ ਦੀ ਬਦੋਲਤ ਹੀ ਮੈਨੂੰ ਫਿਲਮਾਂ ਵਿੱਚ ਆਪਣੀ ਕਲਾ ਦੇ ਜ਼ੌਹਰ ਦਿਖਾਉਣ ਦਾ ਅਵਸਰ ਮਿਲਿਆ।
ਸੁਆਲ:  ਤੁਹਾਨੂੰ ਫਿਲਮ ਖੇਤਰ ਵੱਲ ਜਾਣ ਦੀ ਪ੍ਰੇਰਣਾ ਕਿੱਥੋਂ ਮਿਲੀ?
ਜੁਆਬ:  ਸ਼ੁਰੂ ਤੋਂ ਹੀ ਮੈਨੂੰ ਲਿਖਣ ਦਾ ਸ਼ੌਕ ਸੀ। ਮੈਂ ਕਹਾਣੀਆਂ ਲਿਖਦਾ ਹੁੰਦਾ ਸੀ। ਮੇਰੀ ਇਹ ਦਿਲੀ ਖੁਆਇਸ਼ ਸੀ ਕਿ ਮੈਂ ਕੋਈ ਫਿਲਮ
ਵੀ ਲਿਖਾਂ ਤੇ ਕੁੱਝ ਵਰਿੰਦਰ ਹੋਰਾਂ ਦੀ ਸੰਗਤ ਦਾ ਅਸਰ ਹੋਇਆ ਤੇ ਬੱਸ ਕੁੱਦ ਪਏ ਇਸ ਮੈਦਾਨ ਵਿੱਚ।
ਸੁਆਲ:  ਤੁਹਾਨੂੰ ਪ੍ਰਥਮ ਤਜ਼ਰਬਾ ਕਿਸ ਫਿਲਮ ਦੁਆਰਾ ਹੋਇਆ?
ਜੁਆਬ:  ਫਿਲਮ ‘ਯਾਰੀ ਜੱਟ ਦੀ’ ਵਿੱਚ ਮੈਂ ਪਹਿਲੀ ਵਾਰ ਪਰਦੇ ’ਤੇ ਆਇਆ ਸੀ।  ਮੇਰੀਆਂ ਧਰਮਿੰਦਰ ਜੀ ਨਾਲ ਫੋਟੋਆਂ ਖਿਚਵਾਈਆਂ ਹੋਈਆਂ ਸਨ। ਇੱਕ ਵਾਰ ਮੁਬੰਈ ਗਏ ਦੀਆਂ ਮੇਰੀਆਂ ਉਹ ਫੋਟੋਆਂ ਵਰਿੰਦਰ ਜੀ ਨੇ ਦੇਖੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਸਕਰੀਨ ਪਰਸਨੈਲਿਟੀ ਬਹੁਤ ਅੱਛੀ ਹੈ। ਇਸ ਲਈ ਉਨ੍ਹਾਂ ਮੈਨੂੰ ਯਾਰੀ ਜੱਟ ਦੀ ਵਿੱਚ ਪੇਸ਼ ਕੀਤਾ। ਫਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਮੇਰੀ ਵੀ ਕਾਫੀ ਹੌਸਲਾ ਹਫਜ਼ਾਈ ਹੋਈ। ਇਸ ਫਿਲਮ ਦੀ ਕਹਾਣੀ ਵੀ ਮੇਰੀ ਹੀ ਲਿਖੀ ਹੋਈ ਸੀ ਅਤੇ ਇਸ ਵਿੱਚ ਮੈਂ ਸਾਇਡ ਹੀਰੋ ਦੀ ਭੂਮਿਕਾ ਨਿਭਾਈ ਸੀ।
ਸੁਆਲ:  ਤੁਸੀਂ ਕਿੰਨੀਆਂ ਕੁ ਫਿਲਮਾਂ ਵਿੱਚ ਅਦਾਕਾਰੀ ਕਰ ਚੁੱਕੇ ਹੋ?
ਜੁਆਬ:  ਸਿੱਧੂ ਸਾਹਿਬ, ਮੈਂ ਕੁੱਲ ਮਿਲਾ ਕੇ ਦੱਸ ਕੁ ਫਿਲਮਾਂ ਵਿੱਚ ਅਭਿਨੈ ਕਰ ਚੁੱਕਿਆ ਹਾਂ।
ਸੁਆਲ:  ਫਿਲਮ ਨਿਰਮਾਣ ਸਮੇਂ ਤੁਹਾਨੂੰ ਕਿਹੜੀਆਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਇਸ ਬਾਰੇ ਕੁੱਝ ਦੱਸੋਗੇ?
ਜੁਆਬ:  ਕਹਾਣੀ ਜਾਂ ਐਕਟਿੰਗ  ਵਿੱਚ ਤਾਂ ਕੋਈ ਖਾਸ ਮੁਸ਼ਕਿਲ ਨਹੀਂ ਆਉਂਦੀ। ਹਾਂ ਪ੍ਰੋਡਕਸ਼ਨ ਵਿੱਚ ਕੁੱਝ ਸਮਸਿਆਵਾਂ ਜ਼ਰੂਰ ਪੈਦਾ ਹੋ ਜਾਂਦੀਆਂ ਹਨ। ਤੁਸੀਂ ਜਾਣਦੇ ਹੀ ਹੋ ਕਿ ਫਿਲਮ ਬਣਾਉਣ ਵਿੱਚ ਲਾਇਟ ਮੈਨ ਤੋਂ ਲੈ ਕੇ ਡਾਇਰੈਕਟਰ ਤੱਕ ਅਨੇਕਾਂ ਬੰਦਿਆਂ ਦਾ ਹੱਥ ਹੁੰਦਾ ਹੈ। ਬਾਜ਼ ਦਫਾ ਤੁਹਾਡੇ ਦੂਸਰੇ ਬੰਦਿਆਂ ਨਾਲ ਖਿਆਲਾਂ ਵਿੱਚ ਟਕਰਾਉ ਹੋ ਜਾਂਦਾ ਹੈ। ਤੁਹਾਡੇ ਆਪਸੀ ਮਤਭੇਦਾਂ ਨਾਲ ਮਾੜੀ ਮੋਟੀ ਗੜਬੜ ਹੋ ਜਾਂਦੀ ਹੈ। ਕਿਉਂਕਿ ਕਹਾਣੀ ਲਿਖਣ ਵਾਲੇ ਦਾ ਹੋਰ ਨਜ਼ਰੀਆ ਹੁੰਦਾ ਹੈ, ਡਾਇਰੈਕਟਰ ਦਾ ਆਪਣਾ ਖਿਆਲ ਹੁੰਦਾ ਹੈ ਤੇ ਪ੍ਰਿਡਊਸਰ ਦੀ ਆਪਣੀ ਰਾਏ ਹੁੰਦੀ ਹੈ। ਅਜਿਹੇ ਝੰਜਟਾ ਤੋਂ ਬਚਣ ਲਈ ਮੇਰਾ ਆਪਣਾ ਬੈਨਰ ਹੈ। ਮੈਂ ਖੁਦ ਕਹਾਣੀ ਲਿਖਦਾ ਹਾਂ, ਡਾਇਰੈਕਟ, ਪ੍ਰਡਿਊਸ ਤੇ ਹੀਰੋ ਸਭ ਕੰਮ ਮੈਂ ਆਪਣੀ ਜ਼ਿੰਮੇਵਾਰੀ  ’ਤੇ ਆਪ ਕਰਦਾ ਹਾਂ। ਇਸੇ ਤ੍ਹਰਾਂ ਮੈਂ ਪੰਜ-ਛੇ ਫਿਲਮਾਂ ਬਣਾਈਆਂ ਹਨ।
ਸੁਆਲ:  ਪਹਿਲੀ ਵਾਰੀ ਕੈਮਰੇ ਦਾ ਸਾਹਮਣਾ ਕਰਕੇ ਕਿਹੋ ਜਿਹਾ ਲੱਗਿਆ?
ਜੁਆਬ:  ਕੋਈ ਖਾਸ ਫਰਕ ਜਾਂ ਓਪਰਾ ਨਹੀਂ ਲੱਗਿਆ। ਮੈਂ ਸ਼ੁਰੂ ਤੋਂ ਹੀ ਕੱਬਡੀ ਖੇਡਦਾ ਹੁੰਦਾ ਸੀ। ਇਸ ਲਈ ਲੋਕਾਂ ਮੂਹਰੇ ਸੰਗ ਖੁੱਲ੍ਹੀ ਹੋਈ ਸੀ। ਕੋਈ ਦਿੱਕਤ ਨਹੀਂ ਆਈ।
ਸੁਆਲ:  ਕੋਈ ਐਸਾ ਅਦਾਕਾਰ ਜਾਂ ਅਦਾਕਾਰਾ ਜਿਸ ਨਾਲ ਕੰਮ ਨਾ ਕੀਤਾ ਹੋਵੇ ਤੇ ਤੁਸੀਂ ਕਰਨਾ ਚਾਹੁੰਦੇ ਹੋਵੋ?
ਜੁਆਬ:  ਉਂਅ (ਕੁੱਝ ਸੋਚ ਕੇ) ਨਹੀਂ ਮੈਨੂੰ ਤਕਰੀਬਨ ਸਾਰੇ ਹੀ ਪੰਜਾਬੀ ਅਦਾਕਾਰਾਂ ਨਾਲ ਕੰਮ ਕਰਨ ਦਾ ਮਾਣ ਹਾਸਲ ਹੈ। ਸਾਰੇ ਪੰਜਾਬੀ ਮੇਲ ਆਰਟਿਸਟ ਤੇ ਪ੍ਰੀਤੀ ਸਪਰੂ, ਰਵਿੰਦਰ ਮਾਨ, ਸੀਤਲ ਬੇਦੀ, ਮਨਜੀਤ ਕੁਲਾਰ, ਗੁਗਨੀ ਗਿੱਲ ਵਰਗੀਆਂ ਸਭ ਮੇਰੇ ਨਾਲ ਬਤੋਰ ਹੀਰੋਇਨ ਕੰਮ ਕਰ ਚੁੱਕੀਆਂ ਹਨ। 
ਸੁਆਲ:  ਜਦੋਂ ਤੁਸੀਂ ਪਹਿਲਾਂ-ਪਹਿਲਾਂ ਫਿਲਮਾਂ ਵਿੱਚ ਆਏ ਸੀ ਤੁਹਾਨੂੰ ਦੂਜੇ ਨਾਮਾਵਰ ਕਲਾਕਾਰਾਂ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਿਆ?
ਜੁਆਬ: ਹਿੰਦੀ ਅਤੇ ਪੰਜਾਬੀ ਫਿਲਮਾਂ ਦੀ ਮੰਨੀ ਪਰਮੰਨੀ ਹਸਤੀ ਰਾਜ ਬੱਬਰ ਜੀ ਨਾਲ ‘ਉੱਚਾ ਪਿੰਡ’ ਦੀ ਸ਼ੂਟਿਗ ਸਮੇਂ ਇੱਕਠੇ ਰਹਿਣ ਦਾ ਮੌਕਾ ਮਿਲਿਆ। ਉਹ ਬੜੇ ਹੀ ਸੁਹਿਰਦ ਤੇ ਸੁਲਝੇ ਹੋਏ ਵਿਅਕਤੀ ਹਨ। ਬਹੁਤ ਹੀ ਸਹਿਯੋਗੀ ਅਤੇ ਸੁਭਾਅ ਦੇ ਮਿਲਾਪੜੇ ਹਨ। ਦੂਸਰੀ ਸਖਸ਼ੀਅਤ ਦਾਰਾ ਜੀ ਹਨ। ਦੋ ਤਿੰਨ ਫਿਲਮਾਂ ਵਿੱਚ ਉਹਨਾਂ ਨਾਲ ਕੰਮ ਕੀਤਾ। ਬਹੁਤ ਹੀ ਖੁਸ਼ ਮਿਜ਼ਾਜ਼ ਤੇ ਚੰਗੇ ਇਨਸਾਨ ਹਨ। ਉਹਨਾਂ ਦੇ ਵਿਅਕਤੀਤਵ ਦਾ ਵੀ ਮੇਰੇ ’ਤੇ ਕਾਫੀ ਪ੍ਰਭਾਵ ਪਿਆ। ਬਾਕੀ ਮੈਂ, ਗੁਗੂ ਗਿੱਲ ਅਤੇ ਯੋਗਰਾਜ ਅਸੀਂ ਤਿੰਨਾਂ ਨੇ ਲਗਭਗ ਇਕੱਠੇ ਹੀ ਫਿਲਮ ਇੰਡਸਟਰੀ ਵਿੱਚ ਸਘੰਰਸ਼ ਆਰੰਭਿਆ ਸੀ। 
ਸੁਆਲ:  ਸਵ: ਵਰਿੰਦਰ ਦੀ ਕੋਈ ਯਾਦ ਤਾਜ਼ਾ ਕਰੋ?
ਜੁਆਬ:  (ਗਮਗੀਨ ਤੇ ਭਾਵੁਕ ਹੁੰਦਿਆਂ) ਵਰਿੰਦਰ ਨਾਲ ਤੁਆਰਫ ਮੇਰੇ ਇਕ ਮੁਬੰਈ ਵਸਦੇ ਦੋਸਤ ਇਕਬਾਲ ਸਿੰਘ ਨੇ ਕਰਵਾਇਆ ਸੀ। ਮੈਂ ਵਰਿੰਦਰ ਨੂੰ ਦੱਸਿਆ ਸੀ ਕਿ ਮੈਂ ਲੇਖਕ ਹਾਂ। ਉਹਨਾਂ ਨੇ ਮੇਰੀਆਂ ਕਹਾਣੀਆਂ ਸੁਣੀਆਂ ਤੇ ਪਸੰਦ ਵੀ ਕੀਤੀਆਂ। ਉਹਨਾਂ ਨੂੰ ਪਹਿਲਾਂ ਹੀ ਪੰਜਾਬੀ ਸਭੀਆਚਾਰ ਦੇ ਵਾਕਫ ਪੈਂਡੂ ਲੇਖਕ ਦੀ ਤਲਾਸ਼ ਸੀ। ਉਹਨਾਂ ਦੀ ਮੌਤ ਤੱਕ ਸਾਡੀ ਦੋਸਤੀ ਰਹੀ। ਵਰਿੰਦਰ ਵਰਗੇ ਵਧੀਆ ਬੰਦੇ ਬਹੁਤ ਘੱਟ ਹੁੰਦੇ ਹਨ। ਉਹ ਪੰਜਾਬੀ ਫਿਲਮ ਜਗਤ ਦਾ ਥੰਮ ਸੀ। ਅਸੀਂ ਚਾਰ ਪੰਜ ਸਾਲ ਇੱਕਠੇ ਰਹੇ। ਮੇਰੀ ਬਦਕਿਸਮਤੀ ਹੈ ਕਿ ਮੇਰੀ ਹੀ ਫਿਲਮ ‘ਜੱਟ ਤੇ ਜ਼ਮੀਨ’ ਉਸਦੀ ਆਖਰੀ ਫਿਲਮ ਹੋ ਨਿਬੜੀ। ਉਸ ਵਕਤ ਅਸੀਂ ਲੁਧਿਆਣੇ ਹੀ ਸ਼ੂਟਿੰਗ ਕਰ ਰਹੇ ਸੀ ਜਦੋਂ ਉਸਦੀ ਮੌਤ ਹੋਈ। 
ਸੁਆਲ:  ਤੁਹਾਡੇ ਖਿਆਲ ਮੁਤਾਬਕ ਉਹਨਾਂ ਦੇ ਕਤਲ ਵਿੱਚ ਕਿਸ ਦਾ ਹੱਥ ਹੋ ਸਕਦਾ?
ਜੁਆਬ:  ਟੈਰੋਰਿਸਟਸ ਨੇ ਹੀ ਮਾਰੀਆ ਸੀ।
ਸੁਆਲ:  ਤੁਸੀਂ ਆਪਣੇ ਪਰਿਵਾਰ ਮੁਤਲਕ ਕੁੱਝ ਦੱਸੋ?
ਜੁਆਬ:  ਅਸੀਂ ਤਿੰਨ ਭਰਾ  ਤੇ ਸਾਡੀ ਇੱਕ ਭੈਣ ਹੈ। ਮੇਰੇ ਤਿੰਨ ਬੱਚੇ ਹਨ। ਦੋ ਲੜਕੀਆਂ ਅਤੇ ਇੱਕ ਲੜਕਾ।
ਸੁਆਲ:  ਤੁਸੀਂ ਆਪਣੇ ਕਿਸੇ ਬੱਚੇ ਨੂੰ ਇਸ ਪਾਸੇ ਆਉਣ ਲਈ ਨਹੀਂ ਪ੍ਰੇਰਦੇ?
ਜੁਆਬ:  ਨਹੀਂ ਬਲਰਾਜ ਜੀ। ਇਹ ਤਾਂ ਕਲਾ ਹੁੰਦੀ ਹੈ। ਤੁਸੀਂ ਜ਼ਬਰਦਸਤੀ ਤਾਂ ਕਿਸੇ ਦੇ ਅੰਦਰ ਪਾ ਨਹੀਂ ਸਕਦੇ। ਜੇ ਉਹਨਾਂ ਨੂੰ ਇਸ ਪਾਸੇ ਕੋਈ ਲਗਾਉ ਨਹੀਂ ਹੈ ਤਾਂ ਉਹਨਾਂ ਦੀ ਖੁਸ਼ੀ। ਮੈਂ ਆਪਣੀ ਮਰਜ਼ੀ ਉਹਨਾਂ ’ਤੇ ਥੋਪਣਾ ਨਹੀਂ ਚਾਹੁੰਦਾ।
ਸੁਆਲ:  ਤੁਸੀਂ ਅਭਿਨੈ ਦੀ ਕੋਈ ਵਿਸ਼ੇਸ਼ ਸਿਖਲਾਈ ਵੀ ਲਈ ਸੀ ਜਾਂ ਨਹੀਂ?
ਜੁਆਬ:  ਨਹੀਂ ਜੀ, ਇਹ ਤਾਂ ਬੱਸ ਗੌਡ ਗਿਫਟ ਹੀ ਹੈ।
ਸੁਆਲ:  ਪੰਜਾਬੀ ਫਿਲਮਾਂ ਬਿਜਨਸ ਪੱਖੋ ਘਾਟੇ ਦਾ ਸੌਦਾ ਸਮਝੀਆਂ ਜਾਂਦੀਆਂ ਹਨ? ਇਸਦਾ ਕੀ ਕਾਰਨ ਹੋ ਸਕਦੈ?
ਜੁਆਬ:  ਇਸਦੇ ਕਈ ਕਾਰਨ ਹਨ। ਕੋਈ ਸਰਕਾਰੀ ਸਹਾਇਤਾ ਨਾ ਹੋਣਾ। ਜਿਵੇਂ ਮਰਾਠੀ ਫਿਲਮਾਂ ਵਾਲਿਆ ਨੂੰ 50% ਸਵਸਡੀ  ਮਿਲਦੀ ਹੈ। ਫਿਰ ਸਰਕਾਰ ਨੇ ਸਾਨੂੰ ਮਨੋਰੰਜਨ ਕਰ 50 ਲੱਖ ਪ੍ਰਤਿ ਸਿਨੇਮਾ ਲਾਇਆ ਹੁੰਦਾ ਹੈ। ਬਾਅਦ ਵਿੱਚ ਮਰਾਠੀਆਂ ਨੂੰ ਉਹ ਵੀ ਵਾਪਸ ਹੋ ਜਾਂਦਾ ਹੈ। ਉਹਨਾਂ ਦੀ ਸਰਕਾਰ ਉਹਨਾਂ ਨੂੰ ਅਵਾਜ਼ਾਈ ਦੀਆਂ ਸਹੂਲਤਾ ਮੁਹੱਈਆ ਕਰਦੀ ਹੈ। ਉਹਨਾ ਨੂੰ ਏ ਸੀ ਸਲੀਪਰ ਮਿਲਦੇ ਹਨ। ਜੋ ਸਾਨੂੰ ਨਹੀਂ। ਦਰਸ਼ਕਾਂ ਦੀ ਘੱਟ ਗਿਣਤੀ, ਘੱਟ ਬਜਟ। ਜਿੰਨਾ ਗੁੜ ਪਾਉਂਗੇ ਓਨਾ ਹੀ ਮਿੱਠਾ ਹੋਵੇਗਾ। ਪੰਜਾਬੀ ਫਿਲਮ 18-20 ਲੱਖ ਵਿੱਚ ਬਣਦੀ ਹੈ। ਜਦ ਕਿ ਹਿੰਦੀ ਚਾਰ ਪੰਜ ਕਰੋੜ ਵਿੱਚ। 20, 25 ਲੱਖ ਤਾਂ ਉਹ ਗਾਣਾ ਫਿਲਮਾਉਣ ਤੇ ਹੀ ਖਰਚ ਦਿੰਦੇ ਹਨ। ਪੰਜਾਬੀ ਫਿਲਮਾਂ ਦਾ ਦਿਨੋ ਦਿਨ ਡਿੱਗਦਾ ਮਿਆਰ।  
ਸੁਆਲ:  ਤੁਹਾਡੇ ਅਨੁਸਾਰ ਚੰਗੀ ਪੰਜਾਬੀ ਫਿਲਮ ਦੀ ਕੀ ਪਰਿਭਾਸ਼ਾ ਹੈ?
ਜੁਆਬ:  ਪੰਜਾਬੀ ਸਭਿਆਚਾਰ ਨਾਲ ਮੇਲ ਖਾਂਦੀ ਹੋਵੇ। ਘਟੀਆ ਰੀਤੀ ਰਿਵਾਜਾਂ ਦੇ ਖਿਲਾਫ ਅਵਾਜ਼ ਬੁਲੰਦ ਕਰਦੀ ਹੋਵੇ। ਸਮਾਜੀ ਬੁਰਾਇਆਂ ’ਤੇ ਚੋਟ ਕਰਦੀ ਹੋਵੇ। ਜਿਵੇਂ ‘ਯਾਰੀ ਜੱਟ ਦੀ’ ਵਿੱਚ ਮੈਂ ਦੱਸਿਆ ਕਿ ਕਿਵੇਂ ਲਾਲਚੀ ਲੋਕ ਲੜਕੀਆਂ ਬੁੱਢਿਆਂ ਨਾਲ ਵਿਆਹੀ ਜਾਂਦੇ ਹਨ। ਸਿਰ ਧੜ ਦੀ ਬਾਜ਼ੀ ਵਿੱਚ ਦੱਸਿਐ ਨੌਜਵਾਨਾਂ ਦਾ ਖੂਨ ਵਤਨ ਦੀ ਰਾਖੀ ਲਈ ਸਰਹੱਦਾਂ ’ਤੇ ਡੁੱਲਣਾ ਚਾਹੀਦਾ। ਉਹਨਾਂ ਨੂੰ ਗੁਮਰਾਹ ਹੋ ਕੇ ਗਲਤ ਰਾਹਾਂ ’ਤੇ ਚਲਣਾ ਨਹੀਂ ਚਾਹੀਦਾ। ਫਿਲਮਾਂ ਰਾਹੀ ਜਾਗਰਤੀ ਲਿਆਉਣ ਦਾ ਉਪਰਾਲਾ ਕੀਤਾ ਗਿਆ ਹੋਵੇ।
ਸੁਆਲ:  ਤੁਹਾਡੇ ਖਿਆਲ ਮੁਤਾਬਕ ਚੰਗੇ ਅਦਾਕਾਰ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨ?
ਜੁਆਬ:  ਨਿਮਰਤਾ ਤੇ ਕੁੱਝ ਨਾ ਕੁੱਝ ਨਵਾਂ ਸਿਖਣ ਦੀ ਲਗਨ। ਅਦਾਕਾਰੀ ਤਾਂ ਕਲਾ ਹੈ। ਇਨਸਾਨ ਨੂੰ ਪਰਮਾਤਮਾ ਦੀ ਦੇਣ ਹੁੰਦੀ ਹੈ,ਕਲਾਕਾਰ ਨੂੰ ਚਾਹੀਦਾ ਹੈ ਉਹ ਆਪਣੇ ਆਪ ਨੂੰ ਧਰਤੀ ’ਤੇ ਸਮਝੇ। ਆਪਣੀ ਕਲਾ ਨੂੰ ਨਿਖਾਰਨ ਲਈ ਮਿਹਨਤ ਜ਼ਰੂਰ ਕਰਦਾ ਰਹੇ। ਲੋਕਾਂ ਨਾਲ ਮੇਲ ਮਿਲਾਪ ਉਸੇ ਤਰਾਂ ਰੱਖੇ। ਸਾਰੀ ਜ਼ਿੰਦਗੀ ਸਿੱਖਦਾ ਰਹਿਣ ’ਤੇ ਵੀ ਇੰਨਸਾਨ ਇਸ ਕਲਾ ਵਿੱਚ ਨਿਪੁੰਨ ਨਹੀਂ ਹੋ ਸਕਦਾ।
ਸੁਆਲ:  ਤੁਹਾਡੀ ਸਭ ਤੋ ਹਿੱਟ ਫਿਲਮ ਕਿਹੜੀ ਹੈ?
ਜੁਆਬ:  ਜੱਟ ਤੇ ਜ਼ਮੀਨ, ਉਂਝ ਜ਼ੋਰ ਜੱਟ ਦਾ, ਉੱਚਾ ਪਿੰਡ, ਸਿਰ ਧੜ ਦੀ ਬਾਜ਼ੀ  ਵੀ ਠੀਕ ਰਹੀਆਂ।
ਸੁਆਲ:  ਤੁਹਾਡੀ  ਪਸੰਦੀਦਾ ਫਿਲਮ ਕਿਹੜੀ ਹੈ?
ਜੁਆਬ:  ਆਪਣੀਆਂ ਵਿੱਚੋਂ ਸਿਰ ਧੜ ਦੀ ਬਾਜੀ, ਉਸਦੀ ਅਸੀਂ ਮੋਗੇ (ਰਾਮੂਵਾਲੀਏ) ਸ਼ੂਟਿੰਗ ਕੀਤੀ ਸੀ। ਸਰਪੰਚ ਤੇ ਯਾਰੀ ਜੱਟ ਦੀ ਵੀ ਮੈਨੂੰ ਕਾਫੀ ਚੰਗੀਆਂ ਲੱਗਦੀਆਂ ਹਨ।
ਸੁਆਲ: ਤੁਹਾਡੇ ਮਨ ਵਿਚ ਵਾਲ ਕਟਵਾਉਣ ਦਾ ਵਿਚਾਰ ਕਿਵੇਂ ਆਇਆ?  
ਜੁਆਬ:  ਇਸ ਦੀ ਵਜ੍ਹਾ ਸਾਡੀ ਫਿਲਮ ਲਾਇਨ ਦੀਆਂ ਹੀ ਪ੍ਰ੍ਰੋਬਲਮਸ ਹਨ। ਕੁੱਝ ਲੋਕਾਂ ਦੇ ਕਹਿਣ ਦਾ ਅਸਰ ਵੀ ਹੈ। ਮੈਂ ਅੱਠ ਫਿਲਮਾਂ ਪੱਗ ਨਾਲ ਕਰੀਆਂ ਹਨ। ਲੜਾਈ ਦੇ ਦ੍ਰਿਸ਼ ਨੱਚਣ ਟੱਪਣ, ਕਾਮੇਡੀ ਜਾਂ ਰੋਮੇਟਿਕ ਸੀਨ ਕਰਨ ਕਰਕੇ ਲੋਕਾਂ ਨੇ ਇਤਰਾਜ਼ ਕੀਤਾ ਸੀ ਕਿ ਸਰਦਾਰ ਬੰਦਾ ਇਹ ਕੁੱਝ ਕਰਦਾ ਚੰਗਾ ਨਹੀਂ ਲੱਗਦਾ।
ਸੁਆਲ:  ਕੀ ਤੁਸੀ ਸਮਝਦੇ ਹੋ ਕਿ ਵਾਲ ਕਟਵਾਉਣ ਮਗਰੋਂ ਤੁਹਾਡੀ ਖਾੜਕੂ ਇਮੇਜ਼ ਬਰਕਰਾਰ ਰਹੀ ਹੈ?
ਜੁਆਬ:  ਹਾਂ ਜੀ, ਬਿਲਕੁਲ ਉਸੇ ਤਰ੍ਹਾਂ ਕਾਇਮ ਹੈ। ਸਿਰ ਧੜ ਦੀ ਬਾਜ਼ੀ, ਕਤਲੇਆਮ, ਜੰਗੀਰਾ,ਗੈਰਤ ਸਭ ਬਿਨਾਂ ਪੱਗ ਦੇ ਹੀ ਕਰੀਆਂ ਹਨ।
ਸੁਆਲ:  ਤੁਸੀਂ ਆਪਣੀ ਪਰਦੇ ਦੁਨੀਆਂ ਅਤੇ ਨਿਜੀ ਜ਼ਿੰਦਗੀ ਵਿੱਚ ਕਿੰਨਾ ਕੁ ਅੰਤਰ ਸਮਝਦੇ ਹੋ?
ਜੁਆਬ:  ਕੋਈ ਖਾਸ ਫ਼ਰਕ ਨਹੀਂ। ਨੈਚੁਰਲ ਹੀ ਫੀਲ ਕਰਦਾ ਹਾਂ। ਕਦੇ ਲੱਗਦਾ ਹੀ ਨਹੀਂ ਕਿ ਐਕਟਿੰਗ ਕਰਦਾ ਹਾਂ।
ਸੁਆਲ:  ਹੁਣ ਪੁੱਤ ਜੱਟਾ ਦੇ, ਨਾਨਕ ਨਾਮ ਜ਼ਹਾਜ, ਚੰਨ ਪਰਦੇਸੀ ਵਰਗੀਆਂ ਫਿਲਮਾਂ ਕਿਉਂ ਨਹੀਂ ਬਣਦੀਆਂ? 
ਜੁਆਬ: ਸਿੱਧੂ ਸਾਹਿਬ ਬਣ ਹੀ ਨਹੀਂ ਸਕਦੀਆਂ। ਮੰਦੇ ਹਲਾਤਾਂ ਨੇ ਪੰਜਾਬ ਨੂੰ ਬਹੁਤ ਪਛਾੜ ਦਿੱਤਾ ਹੈ। ਫਿਲਮ ਸਨਤ ਉੱਤੇ ਇਸਦਾ ਸਭ ਤੋਂ ਜ਼ਿਆਦਾ ਅਸਰ ਪਿਆ ਹੈ।
ਸੁਆਲ: ਤੁਹਾਡੀਆਂ ਕਿਹੜੀਆਂ ਕਿਹੜੀਆਂ ਫਿਲਮਾਂ ਨਿਰਮਾਣ ਹੇਠ ਹਨ?
ਜੁਆਬ: ਅਮਰੀਕਾ ਅਤੇ ਇੱਕ ਦੋ ਹੋਰ ਪ੍ਰੋਜੈਕਟ ਜੋ ਅਜੇ ਫਾਇਨਲ ਨਹੀਂ ਹੋਏ।
ਸੁਆਲ:  ਫਿਲਮਾਂ ਤੋਂ ਬਿਨਾਂ ਤੁਹਾਡੇ ਹੋਰ ਕਿਹੜੇ ਕਿਹੜੇ ਸ਼ੌਕ ਹਨ?
ਜੁਆਬ: ਲਿਖਣਾ ਤੇ ਵਰਜਿਸ਼ ਦਾ ਮੈਨੂੰ ਬਹੁਤ ਸ਼ੌਕ ਹੈ।
ਸੁਆਲ: ਇੱਕ ਪੰਜਾਬੀ ਫਿਲਮ ਤੇ ਕਿੰਨੀ ਕੁ ਲਾਗਤ ਆ ਜਾਂਦੀ ਹੈ?
ਜੁਆਬ: ਮੇਰੇ ਵਰਗਾ ਤਜ਼ਰਬੇਕਾਰ 18 -20 ਲੱਖ ਵਿੱਚ ਬਣਾ ਲੈਂਦਾ ਤੇ ਨਵਾਂ ਬੰਦਾ 30 -35 ਲੱਖ ਤੱਕ ਖਰਚ ਦਿੰਦਾ ਹੈ।
ਸੁਆਲ:  ਕੀ ਤੁਹਾਡੀ ਕਿਸੇ ਫਿਲਮ ਨੇ ਪੈਸਾ ਕੱਵਰ ਵੀ ਕੀਤਾ?
ਜੁਆਬ: ਨਹੀਂ ਜੀ, ਪੈਸਾ ਤਾਂ ਲੌਗ ਦਾ ਲਿਸ਼ਕਾਰਾ ਵਰਗੀਆਂ ਨਹੀਂ ਕੱਵਰ ਕਰ ਸਕੀਆ। ਜੇ ਫਿਲਮ ਤੋਂ ਆਮਦਨ ਹੋਈ ਹੁੰਦੀ ਤਾਂ ਹਰਪਾਲ ਟਿਵਾਣਾ ਨੇ ਹੋਰ ਫਿਲਮ ਬਣਾਉਣ ਦੀ ਜੁਅਰੱਤ ਕਿਉਂ ਨਹੀਂ ਕੀਤੀ। 
ਸੁਆਲ:  ਘਾਟਾ ਪੈਣ ਮਗਰੋਂ ਵੀ ਤੁਸੀਂ ਫਿਲਮ-ਦਰ-ਫਿਲਮ ਬਣਾਈ ਜਾਂਦੇ ਹੋ? ਕਿਆ ਮਾਜਰਾ ਹੈ ਯੇਹ?
ਜੁਆਬ: (ਹੱਸਕੇ) ਇਹ ਤਾਂ ਦਰਸ਼ਕਾਂ ਦਾ ਪਿਆਰ ਹੀ ਹੈ ਤੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਤੀਸਰਾ ਇਹ ਕਿੱਤਾ ਜੂਏ ਵਾਂਗੂ ਹੁੰਦਾ ਹੈ। ਕਹੀਦਾ ਹੈ ਇਸ ਤੋਂ ਨਾ ਕੁੱਝ ਬਚਿਆ ਤਾਂ ਅਗਲੀ ਵਿਚੋਂ ਸਹੀ। ਨਾਲੇ ਸਰਕਾਰ ਦੇ ਮੂੰਹ ਵੱਲ ਦੇਖੀ ਜਾਈਦਾ ਸ਼ਾਇਦ ਕੋਈ 10 12 ਲੱਖ ਦੀ ਕਿਰਪਾ( ਸਵਸਡੀ) ਕਰੇ।
ਸੁਆਲ:  ਪਿਛੇ ਜਿਹੇ ਪੰਜਾਬ ਸਰਕਾਰ ਨੇ ਪੰਜਾਬੀ ਫਿਲਮਾਂ ਨੂੰ ਸਵਸਡੀ ਦਾ ਐਲਾਨ ਕਰੀਆ ਸੀ। ਕੀ ਉਸ ’ਤੇ ਕੋਈ ਅਮਲ ਨਹੀਂ ਹੋਇਆ?
ਜੁਆਬ: ਕੋਈ ਨਹੀਂ ਜੀ। ਇਸ ਗੱਲੋਂ ਮੈ ਮਰਾਠੀਆਂ ਦੀ ਸਿਫਤ ਕਰਦਾ ਹਾਂ। ਉਹਨਾਂ ਨੂੰ ਕੋਈ ਅਰਜ਼ੀ ਨਹੀਂ ਸਿਰਫ ਕਹਿਣ ਦੀ ਹੀ ਲੋੜ੍ਹ ਹੈ ਕਿ ਅਸੀਂ ਫਿਲਮ ਬਣਾ ਰਹੇ ਹਾਂ। ਉਹ ਝੱਟ 25% ਮਾਫ ਕਰ ਦਿੰਦੇ ਹਨ। ਇੱਥੇ ਪੰਜਾਬ ਵਿੱਚ ਜੇ ਅਸੀਂ ਟੈਕਸ ਮਾਫ ਕਰਵਾਉਣਾ ਹੁੰਦਾ ਹੈ ਤਾਂ ਚੰਡੀਗ੍ਹੜ ਦੇ ਗੇੜੇ ਮਾਰਦੇ ਥੱਕ ਜਾਈਦੈ। ਇਸ ਲਈ ਮਰਾਠੀ ਸਰਕਾਰ ਅੱਗੇ ਸਾਡਾ ਸਿਰ ਸਤਿਕਾਰ ਨਾਲ ਝੁੱਕਦਾ ਹੈ ਤੇ ਪੰਜਾਬੀ ਸਰਕਾਰ ਅੱਗੇ ਸ਼ਰਮ ਨਾਲ! 
ਸੁਆਲ: ਪਰ ਪ੍ਰੀਤੀ ਸਪਰੂ ਤੇ ਦਾਰਾ ਸਿੰਘ ਨੂੰ ਫੇਰ ਸਬਸਡੀ ਕਿਵੇਂ ਮਿਲਗੀ?
ਜੁਆਬ: ਇਹ ਤਾਂ ਜਾਂ ਸਬਸਡੀ ਦੇਣ ਵਾਲੇ ਜਾਨਣ ਜਾਂ ਦਾਰਾ ਸਿੰਘ ਲੈਣ ਵਾਲੇ। ਪ੍ਰੀਤੀ ਨੂੰ ਤਾਂ ਹੋਰ ਬਥੇਰਾ ਕੁਸ਼ ਮਿਲਿਆ ਹੋਣੈ! ਮੇਰਾ ਮਤਲਬ ਸਹੂਲਤਾਂ। ਨਾਲੇ ਭਾਈ ਜੋ ਕੰਮ ਪ੍ਰੀਤੀ ਸਪਰੂ ਕਰ ਸਕਦੀ ਐ ਉਹ ਅਸੀਂ ਨਹੀਂ ਕਰ ਸਕਦੇ।
ਸੁਆਲ:  ਤੁਸੀਂ ਆਪਣੀਆਂ ਫਿਲਮਾਂ ਦੇ ਕਰਮਵਾਰ ਨਾਮ ਦੱਸੋਂਗੇ?
ਜੁਆਬ: ਯਾਰੀ ਜੱਟ ਦੀ, ਜੱਟ ਤੇ ਜ਼ਮੀਨ, ਜ਼ੋਰ ਜੱਟ ਦਾ, ਪਗੜੀ ਸਭਾਲ ਜੱਟਾ, ਉੱਚਾ ਪਿੰਡ, ਧਰਮ ਜੱਟ ਦਾ, ਸਿਰ ਧੜ੍ਹ ਦੀ ਬਾਜ਼ੀ, ਜੰਗੀਰਾ, ਕਤਲੇਆਮ, ਹਥਿਆਰ, ਗੈਰਤ, ਜੰਗੀਰਾ।
ਸੁਆਲ:  ਪੰਜਾਬੀ ਫਿਲਮਾਂ ਵਾਲੇ ਜੱਟ ਸ਼ਬਦ ਦੇ ਪਿੱਛੇ ਹੱਥ ਧੋਅ ਕੇ ਕਿਉਂ ਪਏ ਹਨ। ਕੀ ਫਿਲਮ ਦਾ ਨਾ ਰੱਖਣ ਲਈ ਕੋਈ ਹੋਰ ਸ਼ਬਦ ਨਹੀਂ ਮਿਲਦਾ?
ਜੁਆਬ: ਜੱਟ ਪੰਜਾਬੀ ਸਮਾਜ਼ ਦੇ ਅਹਿਮ ਪਾਤਰ ਹਨ। ਪੰਜਾਬੀ ਕਹਾਣੀ ਵਿੱਚੋਂ ਜੱਟਾਂ ਦੇ ਕਿਰਦਾਰ ਅਤੇ ਹੋਂਦ ਨੂੰ ਮਨਫੀ ਨਹੀਂ ਕਰਿਆ ਜਾ ਸਕਦਾ। ਤੁਹਾਡਾ ਕਹਿਣਾ ਵੀ ਦਰੁਸਤ ਹੈ। ਸਾਡੀਆਂ ਫਿਲਮਾਂ ਵਾਲੇ ਇਸ ਸ਼ਬਦ ਦਾ ਕੁੱਝ ਜ਼ਿਆਦਾ ਹੀ ਪ੍ਰਯੋਗ ਕਰਦੇ ਹਨ। ਜਿਸ ਕਾਰਨ ਗੈਰ ਜੱਟ ਜਾਂ ਸਾਡੇ ਸ਼ਹਿਰੀ ਦਰਸ਼ਕ ਪੰਜਾਬੀ ਫਿਲਮਾਂ ਦੇਖਣੀਆਂ ਪਸੰਦ ਨਹੀਂ ਕਰਦੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਮੈਂ ਆਪਣੀਆਂ ਫਿਲਮਾਂ ਦੇ ਨਾਂ ਜੰਗੀਰਾ, ਸਿਰ ਧੜ੍ਹ ਦੀ ਬਾਜ਼ੀ ਆਦਿ ਰੱਖਣੇ ਸ਼ੁਰੂ ਕਰ ਦਿੱਤੇ ਹਨ।
ਸੁਆਲ:  ਫਿਲਮਾਂ ਵਿੱਚ ਅੰਗਪ੍ਰਦਰਸ਼ਣ ਜਾਂ ਗੰਦੇ ਦ੍ਰਿਸ਼ਾਂ ਬਾਰੇ ਤੁਹਾਡਾ ਕੀ ਵਿਚਾਰ ਹੈ?
ਜੁਆਬ: ਘਟੀਆ ਮੇਕਰ ਪੈਸਾ ਕਮਾਉਣ ਲਈ ਅਜਿਹਾ ਕਰਦੇ ਹਨ। ਮੈਂ ਸਦਾ ਹੀ ਇਸ ਦਾ ਸਖਤ ਵਿਰੋਧ ਕੀਤਾ ਹੈ ਭਾਵੇਂ ਮੇਰੀ ਫਿਲਮ ਚੱਲੇ ਜਾ ਨਾ ਚੱਲੇ। ਮੈਂ ਹਮੇਸ਼ਾਂ ਚੰਗੀ ਸੇਧ ਦੇਣ ਵਾਲੀਆਂ ਫਿਲਮਾਂ ਬਣਾਉਣ ਦੇ ਯਤਨ ਕੀਤੇ ਹਨ ਤੇ ਅੱਗੇ ਤੋਂ ਵੀ ਕਰਦਾ ਰਹਾਂਗਾ।
ਸੁਆਲ:  ਪੰਜਾਬੀ ਦਰਸ਼ਕ ਕਿੰਨਾ ਮੇਕਰਾਂ ਤੋਂ ਭਵਿੱਖ ਵਿੱਚ ਚੰਗੀਆਂ ਫਿਲਮਾਂ ਦੀ ਆਸ ਰੱਖ ਸਕਦੇ ਹਨ।
ਜੁਆਬ: ਦਾਰਾ ਜੀ, ਪ੍ਰੀਤੀ, ਰਵਿੰਦਰ ਰਵੀ ਜੀ ਤੋਂ ਆਸ ਰੱਖੀ ਜਾ ਸਕਦੀ ਹੈ। ਚੂੱਹੜ ਚੱਕ ਵਾਲੇ ਜਗਜੀਤ ਗਿੱਲ ਜੀ ਚੰਗੇ ਮੇਕਰ ਸਨ ਜੋ ਹੁਣ ਨਹੀਂ ਰਹੇ।  
ਸੁਆਲ:  ਜੰਗੀਰਾ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਤੇ ਇਸਦੀ ਕਹਾਣੀ ਬਾਰੇ ਕੁੱਝ ਦੱਸੋਂਗੇ?   
ਜੁਆਬ: ਬਹੁਤ ਹੀ ਆਸਾਂ ਹਨ। ਇਸ ਫਿਲਮ ਵਿੱਚ ਮੈਂ ਪੁਰਾਣੇ ਸਭਿਆਚਾਰ ਨੂੰ ਨਵੀਂ ਪੀੜੀ ਲਈ ਕੈਮਰਾ ਬੰਦ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪੁਰਾਣੇ ਪਹਿਰਾਵੇ, ਪੁਰਾਣੀਆਂ ਚੀਜ਼ਾਂ ,ਪੁਰਾਣੇ ਰਸਮੋ-ਰਿਵਾਜ਼, ਕਿਵੇਂ ਲੋਕੀਂ ਵਿਆਹੁਣ ਬੋਤਿਆਂ ’ਤੇ ਆਉਂਦੇ ਹੁੰਦੇ ਸੀ। ਸਰਕਾਰ ਨੂੰ ਵੀ ਸਵਸਡੀ ਦੇਣੀ ਚਾਹੀਦੀ ਸੀ। ਸੰਨ 50  ਦੇ ਹਾਲਾਤ ਦਰਸਾਉਂਦੀ ਇਹ ਫਿਲਮ ਉਸ ਬੰਦੇ ਦੀ ਕਹਾਣੀ ਹੈ ਜਿਹੜਾ ਲੋਕਾਂ ਨੂੰ ਪਿਆਰ ਅਤੇ ਮਿਲ ਕੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਉਹ ਖੁਦ ਅਮਨ ਪਸੰਦ ਇੰਨਸਾਨ ਹੈ। ਬਚਪਨ ਵਿੱਚ ਉਸਦੇ ਬਾਪ ਦੇ  ਹੋਏ ਕਤਲ ਦਾ ਬਦਲਾ ਲੈਣ ਲਈ ਲੋਕੀ ਉਸਨੂੰ ਮੇਹਣੇ ਮਾਰਦੇ ਰਹਿੰਦੇ ਹਨ। ਗੁੱਸੇ ਵਿੱਚ ਉਸ ਤੋਂ ਕਤਲ ਹੋ ਜਾਂਦਾ ਹੈ। ਉਸ ਤੋਂ ਮਗਰੋ ਉਸਦੀ ਜ਼ਿੰਦਗੀ ਬਦਲ ਜਾਂਦੀ ਹੈ। ਉਹ ਦੁਬਾਰਾ ਹਲ੍ਹ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਪਰ ਸਮਾਜ਼ ਉਸਨੂੰ ਸਵਿਕਾਰ ਨਹੀਂ ਕਰਦਾ ਅਤੇ ਮਜ਼ਬੂਰਨ ਉਸਨੂੰ ਫਿਰ ਉਸੇ ਪਾਸੇ ਮੁੜਨਾ ਪੈਂਦਾ ਹੈ ਤੇ ਉਹ ਡਾਕੈਤ ਬਣ ਜਾਂਦਾ ਹੈ। ਜੰਗੀਰਾ ਪੁਲਸ ਅਫਸਰਾਂ ਅਤੇ ਨੌਜਵਾਨਾਂ ਨੂੰ ਸੰਦੇਸ਼ ਹੈ ਕਿ ਬੰਦੂਕਾਂ ਦੀ ਬਜਾਏ ਹਲ੍ਹ ਦੀ ਹੱਥੀ ਫੜੀਏ। ਬੰਦੂਕ ਜ਼ਿੰਦਗੀ ਲੈਂਦੀ ਹੈ ਤੇ ਹਲ੍ਹ ਅੰਨ ਪੈਦਾ ਕਰਦਾ ਜੋ ਜ਼ਿੰਦਗੀ ਦੀ ਜ਼ਰੂਰਤ ਹੈ। ਦੇਸ਼ ਦੀ ਉਨਤੀ ਅਤੇ ਤਰੱਕੀ ਵਿੱਚ ਸਾਡਾ ਹਿੱਸਾ ਪਵਾਉਂਦਾ ਹੈ। ਇਸ ਵਿੱਚ ਟਾਇਟਲ ਰੋਲ ਜੰਗੀਰਾ ਜਾਣੀ ਹੀਰੋ ਮੈਂ ਖੁਦ ਹਾਂ, ਹੀਰੋਇਨ ਚੰਡੀਗੜ੍ਹ ਤੋਂ ਗੁਗਨੀ ਗਿੱਲ ਹੈ। ਅਨਿਲ ਸ਼ਰਮਾ ਅਤੇ ਬੀ ਐਨ ਸ਼ਰਮਾ ਖਲਨਾਇਕ ਤੇ ਕਮੇਡੀ ਡਾ: ਸੁਰਿੰਦਰ ਸ਼ਰਮਾ ਕਰ ਰਹੇ ਹਨ। ਇਹਨਾਂ ਤੋਂ ਇਲਾਵਾ ਕੁੱਝ ਨਵੇਂ ਚਿਹਰੇ ਵੀ ਪੇਸ਼ ਕੀਤੇ ਹਨ ।
ਸੁਆਲ:  ਅੰਤ ਵਿਚ ਸ਼ੇਰਾ ਜੀ ਤੁਸੀਂ ਸਾਡੇ ਪਾਠਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਂਗੇ?
ਜੁਆਬ:   ਜਿਹੜੇ ਨਵੇ ਮੁੰਡੇ ਕੁੜੀਆਂ ਫਿਲਮ ਲਾਇਨ ਵਿੱਚ ਆਉਣਾ ਚਾਹੁੰਦੇ ਹੋਣ ਉਹਨਾਂ ਨੂੰ ਇਹੀ ਸਲਾਹ ਹੈ ਕਿ ਅਗਰ ਉਹਨਾਂ ਵਿੱਚ ਕਲਾ ਹੈ, ਕਾਬਲੀਅਤ ਹੈ ਤਾਂ ਜ਼ਰੂਰ ਆਉਣ। ਮੈਂ ਵੀ ਪੰਜ ਸੱਤ ਨਵੇਂ ਮੁੰਡੇ-ਕੁੜੀਆਂ ਨੂੰ ਕਿਸਮਤ ਅਜ਼ਮਾਈ ਦਾ ਮੌਕਾ ਜ਼ਰੂਰ ਦਿੰਦਾ ਹਾਂ। ਜਿਹੜੇ ਲੋਕੀ ਪੈਸੇ ਦੇ ਜ਼ੋਰ ’ਤੇ ਜਾ ਹੋਰ ਢੰਗ ਨਾਲ ਫਿਲਮਾਂ ਵਿਚ ਆਉਂਦੇ ਹਨ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਜਿਵੇਂ ਤੁਹਾਡੇ ਵਰਗੇ ਮੁੰਡੇ (ਮੇਰੇ ਵੱਲ ਇਸ਼ਾਰਾ ਕਰਕੇ) ਇਧਰੋਂ ਬਾਹਰਲੇ ਮੁਲਖਾਂ ਚੋਂ ਜਾਂਦੇ ਹਨ। 20-25 ਲੱਖ ਉਹਨਾਂ ਲਈ ਮਾਮੂਲੀ ਜਿਹੀ ਗੱਲ ਹੈ। ਪੰਜਾਬੀ ਫਿਲਮਾਂ ਦੇ ਮਿਆਰ ਦੀ ਗਿਰਾਵਟ ਦਾ ਇਹੀ ਮੁੱਖ ਕਾਰਨ ਹੈ। ਉਹਨਾਂ ਨੂੰ ਮੇਰਾ ਇਹੀ ਮਸ਼ਵਰਾ ਹੈ ਕਿ ਅਹਿਮ ਰੋਲ ਉਹ ਤਜ਼ਰਬੇਕਾਰ ਅਦਾਕਾਰ ਤੋਂ ਹੀ ਕਰਵਾਉਣ ਤੇ ਆਪਣੀ ਸ਼ੌਕ ਪੂਰਤੀ ਲਈ ਆਪ ਸਾਇਡ ਰੋਲ ਕਰਨ।

****

No comments:

Post a Comment